ਔਰੰਗਾਬਾਦ, 18 ਮਈ
ਪ੍ਰਸ਼ਾਸਨ ਵੱਲੋਂ ਔਰੰਗਾਬਾਦ ਵਿੱਚ ਮੁਗਲ ਸ਼ਾਸਕ ਔਰੰਗਜ਼ੇਬ ਦੇ ਮਕਬਰੇ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਇਹ ਜਾਣਕਾਰੀ ਅੱਜ ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਵਿਭਾਗ ਦੇ ਇੱਕ ਅਧਿਕਾਰੀ ਨੇ ਦਿੱਤੀ। ਪ੍ਰਸ਼ਾਸਨ ਵੱਲੋਂ ਮਕਬਰੇ ਦੀ ਸੁਰੱਖਿਆ ਮਹਾਰਾਸ਼ਟਰ ਨਵਨਿਰਮਾਣ ਸੈਨਾ (ਐੱਮਐੱਨਐੱਸ) ਦੇ ਇੱਕ ਨੇਤਾ ਵੱਲੋਂ ਸੂਬੇ ਵਿੱਚ ਉਕਤ ਮਕਬਰੇ ਦੀ ਲੋੜ ’ਤੇ ਸਵਾਲ ਉਠਾਏ ਜਾਣ ਮਗਰੋਂ ਵਧਾਈ ਗਈ ਹੈ। ਐੱਮਐੱਨਐੱਸ ਤਰਜਮਾਨ ਗਜਾਨਨਨ ਕਾਲੇ ਨੇ ਮੰਗਲਵਾਰ ਨੂੰ ਟਵੀਟ ਕੀਤਾ ਸੀ ਕਿ ਮਕਬਰੇ ਨੂੰ ਢਾਹ ਦੇਣਾ ਚਾਹੀਦਾ ਹੈ, ਜਿਸ ਕਰਕੇ ਲੋਕ ਉੱਥੇ ਨਹੀਂ ਜਾਣਗੇ। ਇਸ ਟਵੀਟ ਮਗਰੋਂ ਕੁਝ ਲੋਕਾਂ ਨੇ ਖੁਲਤਾਬਾਦ ਇਲਾਕੇ ਵਿੱਚ ਸਥਿਤ ਇਸ ਮਕਬਰੇ ਨੂੰ ਬੰਦ ਕਰਨ ਦੀ ਕੋੋਸ਼ਿਸ਼ ਕੀਤੀ ਸੀ। ਇਸ ਸਬੰਧੀ ਏਐੱਸਆਈ ਦੇ ਔਰੰਗਾਬਾਦ ਸਰਕਲ ਸੁਪਰਡੈਂਟ ਮਿਲਨ ਕੁਮਾਰ ਚੌਬੇ ਨੇ ਦੱਸਿਆ, ‘‘ਅਸੀਂ ਸਮਾਰਕ ਨੂੰ ਖੁੱਲ੍ਹਾ ਰੱਖਾਂਗੇ ਅਤੇ ਚਾਰ ਹੋਰ ਸੁਰੱਖਿਆ ਗਾਰਡ ਤਾਇਨਾਤ ਕਰ ਦਿੱਤੇ ਹਨ। ਅਸੀਂ ਸਥਿਤੀ ਸਬੰਧੀ ਪੁਲੀਸ ਨੂੰ ਵੀ ਜਾਣੂ ਕਰਵਾਇਆ ਹੈ ਅਤੇ ਉਨ੍ਹਾਂ ਨੇ ਸੁਰੱਖਿਆ ਵੈਨ ਉੱਥੇ ਭੇਜ ਦਿੱਤੀ ਹੈ। -ਪੀਟਆਈ