ਠਾਣੇ, 12 ਸਤੰਬਰ
ਮਹਾਰਾਸ਼ਟਰ ਦੇ ਠਾਣੇ ਸ਼ਹਿਰ ਵਿੱਚ 25 ਸਾਲ ਪੁਰਾਣੀ ਰਿਹਾਇਸ਼ੀ ਇਮਾਰਤ ਦੀ ਸਲੈਬ ਟੁੱਟ ਕੇ ਹੇਠਾਂ ਡਿੱਗਣ ਕਾਰਨ ਦੋ ਜਣਿਆਂ ਦੀ ਮੌਤ ਹੋ ਗਈ ਹੈ ਜਦੋਂ ਕਿ ਇਕ ਜਣਾ ਜ਼ਖ਼ਮੀ ਹੋ ਗਿਆ ਹੈ। ਇਸ ਘਟਨਾ ਅੱਜ ਤੜਕੇ 6 ਵਜੇ ਵਾਪਰੀ। ਵੇਰਵਿਆਂ ਅਨੁਸਾਰ ਰਾਬੋਦੀ ਇਲਾਕੇ ਦੇ ਖੱਤਰੀ ਅਪਾਰਟਮੈਂਟਸ ਦੇ ਸੀ-ਵਿੰਗ ਵਿੱਚ ਤੀਸਰੀ ਮੰਜ਼ਿਲ ਦੇ ਫਲੈਟ ਦੀ ਸਲੈਬ ਟੁੱਟ ਕੇ ਹੇਠਾਂ ਡਿੱਗ ਪਈ। ਇਸ ਸਲੈਬ ਦੇ ਹੇਠ ਤਿੰਨ ਜਣੇ ਦੱਬ ਗਏ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਮਲਬੇ ਹੇਠੋਂ ਤਿੰਨ ਜਣਿਆਂ ਨੂੰ ਜ਼ਖ਼ਮੀ ਹਾਲਤ ਵਿੱਚ ਬਾਹਰ ਕੱਢਿਆ ਤੇ ਹਸਪਤਾਲ ਪਹੁੰਚਾਇਆ। ਇਨ੍ਹਾਂ ਵਿੱਚੋਂ ਦੋ ਜਣਿਆਂ ਦੀ ਮੌਤ ਹੋ ਗਈ ਤੇ ਇਕ ਜਣਾ ਜ਼ੇਰੇ ਇਲਾਜ ਹੈ। ਮ੍ਰਿਤਕਾਂ ਵਿੱਚ ਰਾਮੀਜ਼ ਸੇਖ (32) ਤੇ ਗੋਸ ਤੰਬੋਲੀ (38) ਸ਼ਾਮਲ ਹਨ। -ਏਜੰਸੀ