ਠਾਣੇ, 16 ਅਪਰੈਲ
ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਭਾਇੰਦਰ ਟਾਊਨਸ਼ਿਪ ਵਿੱਚ ਇੱਕ ਵਿਅਕਤੀ ਨੇ ਆਪਣੀ 40 ਸਾਲਾ ਪਤਨੀ ਦਾ ਕਥਿਤ ਤੌਰ ’ਤੇ ਇਸ ਲਈ ਕਤਲ ਕਰ ਦਿੱਤਾ ਕਿਉਂਕਿ ਉਸ ਨੂੰ ਦਿੱਤੀ ਖਿਚੜੀ ’ਚ ਲੂਣ ਜ਼ਿਆਦਾ ਸੀ। ਪੁਲੀਸ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਸਵੇਰੇ ਭਾਇੰਦਰ ਪੂਰਬੀ ਦੇ ਫਾਟਕ ਰੋਡ ਇਲਾਕੇ ਵਿੱਚ ਵਾਪਰੀ। ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ 46 ਸਾਲਾ ਨੀਲੇਸ਼ ਘਾਘ ਵਜੋਂ ਹੋਈ ਹੈ।
ਪੁਲੀਸ ਨੇ ਦੱਸਿਆ ਕਿ ਮੁਲਜ਼ਮ ਨੇ ਸਵੇਰੇ 9.30 ਵਜੇ ਨਾਸ਼ਤਾ ਕਰਨ ਤੋਂ ਬਾਅਦ ਆਪਣੀ ਪਤਨੀ ਨਿਰਮਲਾ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਪੁਲੀਸ ਨੇ ਦੱਸਿਆ ਕਿ ਮੁਲਜ਼ਮ ਪਤਨੀ ਵੱਲੋਂ ਪਰੋਸੀ ਗਈ ਖਿਚੜੀ ‘ਚ ਜ਼ਿਆਦਾ ਲੂਣ ਮਿਲਣ ਤੋਂ ਖਿੱਝ ਗਿਆ ਸੀ।