ਮੁੰਬਈ, 5 ਅਪਰੈਲ
ਸੀਨੀਅਰ ਐਨਸੀਪੀ ਆਗੂ ਦਿਲੀਪ ਵਾਲਸੇ ਨੂੰ ਗ੍ਰਹਿ ਮੰਤਰਾਲੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਤੋਂ ਪਹਿਲਾਂ ਦਿਨ ਵਿੱਚ ਮੁੰਬਈ ਹਾਈ ਕੋਰਟ ਵਲੋਂ ਸਾਬਕਾ ਪੁਲੀਸ ਮੁਖੀ ਪਰਮਬੀਰ ਸਿੰਘ ਵੱਲੋਂ ਲਗਾਏ ਦੋਸ਼ਾਂ ਦੀ ਜਾਂਚ ਸੀਬੀਆਈ ਨੂੰ ਸੌਂਪੇ ਜਾਣ ਬਾਅਦ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਅਸਤੀਫ਼ਾ ਦੇ ਦਿੱਤਾ ਸੀ। ਮੁੱਖ ਮੰਤਰੀ ਊਧਵ ਠਾਕਰੇ ਨੇ ਦੇਸ਼ਮੁਖ ਦਾ ਅਸਤੀਫ਼ਾ ਰਾਜਪਾਲ ਭਗਤ ਸਿੰਘ ਕੋੋਸ਼ਯਾਰੀ ਨੂੰ ਭੇਜ ਦਿੱਤਾ ਹੈ ਤੇ ਉਨ੍ਹਾਂ ਤੋਂ ਇਸ ਨੂੰ ਮਨਜ਼ੂਰ ਕਰਨ ਦੀ ਬੇਨਤੀ ਕੀਤੀ ਹੈ। ਮੌਜੂਦਾ ਸਮੇਂ ਵਿੱਚ ਵਾਲਸੇ ਪਾਟਿਲ ਕਿਰਤ ਅਤੇ ਐਕਸਾਈਜ਼ ਵਿਭਾਗ ਦੇਖ ਰਹੇ ਸਨ। ਕਿਰਤ ਵਿਭਾਗ ਹੁਣ ਪੇਂਡੂ ਵਿਕਾਸ ਮੰਤਰੀ ਹਸਲ ਮੁਸ਼ਰਿਫ਼ ਨੂੰ ਜਦੋਂ ਕਿ ਉਪ ਮੁੱਖ ਮੰਤਰੀ ਅਜੀਤ ਪਵਾਰ ਐਕਸਾਈਜ਼ ਵਿਭਾਗ ਦਾ ਕੰਮ ਦੇਖਣਗੇ।
ਇਸੇ ਦੌਰਾਨ ਇਕ ਅਧਿਕਾਰੀ ਨੇ ਦੱਸਿਆ ਕਿ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਖਿਲਾਫ਼ ਸ਼ੁਰੂਆਤੀ ਜਾਂਚ ਦੀ ਪ੍ਰਕਿਰਿਆ ਆਰੰਭਣ ਲਈ ਸੀਬੀਆਈ ਦੀ ਟੀਮ ਮੰਗਲਵਾਰ ਨੂੰ ਮੁੰਬਈ ਪੁੱਜੇਗੀ। -ਏਜੰਸੀ