ਮੁੰਬਈ, 2 ਦਸੰਬਰ
ਮਹਾਰਾਸ਼ਟਰ ਸਰਕਾਰ ਨੇ ਮੁੰਬਈ ਪੁਲੀਸ ਦੇ ਕਮਿਸ਼ਨਰ ਰਹੇ ਪਰਮਬੀਰ ਸਿੰਘ ਨੂੰ ਮੁਅੱਤਲ ਕਰ ਕੇ ਉਨ੍ਹਾਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਦੀ ਪ੍ਰਕਿਰਿਆ ਵਿੱਢ ਦਿੱਤੀ ਹੈ। ਪੁਲੀਸ ਅਧਿਕਾਰੀ ’ਤੇ ‘ਕੁਝ ਬੇਨਿਯਮੀਆਂ ਅਤੇ ਕੁਤਾਹੀ’ ਦੇ ਦੋਸ਼ ਲਾਏ ਗਏ ਹਨ। ਮੁਅੱਤਲੀ ਦੇ ਹੁਕਮ ਮੁੱਖ ਮੰਤਰੀ ਊਧਵ ਠਾਕਰੇ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਜਾਰੀ ਕੀਤੇ ਗਏ ਹਨ।
ਮੁੱਖ ਮੰਤਰੀ ਦੀ 12 ਨਵੰਬਰ ਨੂੰ ਇਕ ਪ੍ਰਾਈਵੇਟ ਹਸਪਤਾਲ ਵਿਚ ਸਰਜਰੀ ਹੋਈ ਸੀ। ਅਧਿਕਾਰੀ ਉਤੇ ਡਿਊਟੀ ਤੋਂ ਲਗਾਤਾਰ ਗ਼ੈਰਹਾਜ਼ਰ ਰਹਿਣ ਦਾ ਦੋਸ਼ ਹੈ। ਸੂਤਰਾਂ ਨੇ ਕਿਹਾ ਕਿ ਛੇ ਮਹੀਨੇ ਪਹਿਲਾਂ ਪਰਮਬੀਰ ਨੂੰ ਮਹਾਰਾਸ਼ਟਰ ਹੋਮ ਗਾਰਡਜ਼ ਦਾ ਮੁਖੀ ਲਾਇਆ ਗਿਆ ਸੀ, ਮੈਡੀਕਲ ਅਧਾਰ ਉਤੇ ਉਨ੍ਹਾਂ ਨੂੰ ਮਿਲੀ ਛੁੱਟੀ 29 ਅਗਸਤ ਤੱਕ ਸੀ, ਪਰ ਉਸ ਤੋਂ ਬਾਅਦ ਵੀ ਉਹ ਡਿਊਟੀ ਉਤੇ ਨਹੀਂ ਆਏ। ਜ਼ਿਕਰਯੋਗ ਹੈ ਕਿ ਪਰਮਬੀਰ ਸਿੰਘ ਨੇ ਮਾਰਚ ’ਚ ਸੂਬੇ ਦੇ ਤਤਕਾਲੀ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ’ਤੇ ਭ੍ਰਿਸ਼ਟਾਚਾਰ ਤੇ ਅਹੁਦੇ ਦੀ ਦੁਰਵਰਤੋਂ ਦੇ ਦੋਸ਼ ਲਾਏ ਸਨ। ਉਸ ਵੇਲੇ ਪਰਮਬੀਰ ਮੁੰਬਈ ਪੁਲੀਸ ਦੇ ਕਮਿਸ਼ਨਰ ਸਨ ਤੇ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। -ਪੀਟੀਆਈ