ਮੁੰਬਈ, 3 ਮਾਰਚ
ਮਹਾਰਾਸ਼ਟਰ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਪਹਿਲੇ ਦਿਨ ਅੱਜ ਸਦਨ ਅੰਦਰ ਜ਼ੋਰਦਾਰ ਹੰਗਾਮਾ ਹੋਇਆ। ਵਿਧਾਇਕਾਂ ਦੀ ਨਾਅਰੇਬਾਜ਼ੀ ਦਰਮਿਆਨ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਆਪਣਾ ਭਾਸ਼ਣ ਵਿਚਾਲੇ ਛੱਡ ਕੇ ਹੀ ਸਦਨ ’ਚੋਂ ਬਾਹਰ ਚਲੇ ਗਏ। ਵਿਧਾਨ ਸਭਾ ਅਤੇ ਵਿਧਾਨ ਪਰਿਸ਼ਦ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਨ ਲਈ ਜਦੋਂ ਰਾਜਪਾਲ ਕੇਂਦਰੀ ਹਾਲ ’ਚ ਪਹੁੰਚੇ ਤਾਂ ਹੁਕਮਰਾਨ ਮਹਾ ਵਿਕਾਸ ਅਗਾੜੀ ਦੇ ਵਿਧਾਇਕਾਂ ਨੇ ਕੋਸ਼ਿਆਰੀ ਖ਼ਿਲਾਫ਼ ਅਤੇ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਪੱਖ ’ਚ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਬਾਅਦ ’ਚ ਮਹਾਰਾਸ਼ਟਰ ਕਾਂਗਰਸ ਦੇ ਪ੍ਰਧਾਨ ਨਾਨਾ ਪਟੋਲੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸੂਬਾ ਸਰਕਾਰ ਰਾਜਪਾਲ ਵੱਲੋਂ ਛਤਰਪਤੀ ਸ਼ਿਵਾਜੀ ਮਹਾਰਾਜ ਦਾ ‘ਅਪਮਾਨ’ ਕਰਨ ਲਈ ਉਨ੍ਹਾਂ ਨੂੰ ਵਾਪਸ ਸੱਦਣ ਦੀ ਮੰਗ ਦਾ ਮਤਾ ਲਿਆਉਣ ਬਾਰੇ ਸੋਚ ਰਹੀ ਹੈ। ਉਨ੍ਹਾਂ ਕਿਹਾ ਕਿ ਕੋਸ਼ਿਆਰੀ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਐੱਨਸੀਪੀ ਪ੍ਰਦੇਸ਼ ਪ੍ਰਧਾਨ ਅਤੇ ਜਲ ਸਰੋਤਾਂ ਬਾਰੇ ਮੰਤਰੀ ਜੈਯੰਤ ਪਾਟਿਲ ਨੇ ਦਾਅਵਾ ਕੀਤਾ ਕਿ ਮਹਾ ਵਿਕਾਸ ਅਗਾੜੀ ਦੇ ਵਿਧਾਇਕਾਂ ਨੇ ਸ਼ਿਵਾਜੀ ਮਹਾਰਾਜ ਦੀ ਜੈ ਦੇ ਨਾਅਰੇ ਗੁੰਜਾਏ ਜਦਕਿ ਵਿਰੋਧੀ ਧਿਰ ਭਾਜਪਾ ਨੇ ਨੀਵੇਂ ਪੱਧਰ ਦੀ ਨਾਅਰੇਬਾਜ਼ੀ ਕੀਤੀ ਜਿਸ ਨੂੰ ਰਾਜਪਾਲ ਬਰਦਾਸ਼ਤ ਨਹੀਂ ਕਰ ਸਕੇ ਅਤੇ ਉਹ ਕੌਮੀ ਤਰਾਨੇ ਦੀ ਉਡੀਕ ਕੀਤੇ ਬਿਨਾਂ ਚਲੇ ਗਏ। ਉਧਰ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਦੇਵੇਂਦਰ ਫੜਨਵੀਸ ਨੇ ਦਾਅਵਾ ਕੀਤਾ ਕਿ ਸੂਬੇ ਦੇ ਇਤਿਹਾਸ ’ਚ ਪਹਿਲੀ ਵਾਰ ਹੋਇਆ ਹੈ ਕਿ ਕੋਈ ਮੰਤਰੀ ਦਾਊਦ ਇਬਰਾਹਿਮ ਦੇ ਸਾਥੀਆਂ ਨਾਲ ਸਬੰਧਾਂ ਦੇ ਦੋਸ਼ ਹੇਠ ਗ੍ਰਿਫ਼ਤਾਰ ਹੋਇਆ ਹੈ। -ਪੀਟੀਆਈ