ਮੁੰਬਈ, 25 ਅਗਸਤ
ਮੁੱਖ ਅੰਸ਼
- ਸੂਬੇ ਦੀ ਮਹਾਡ ਅਦਾਲਤ ਨੇ ਕੇਂਦਰੀ ਮੰਤਰੀ ਦੀ ਗ੍ਰਿਫ਼ਤਾਰੀ ਨੂੰ ਜਾਇਜ਼ ਠਹਿਰਾਇਆ
- ਮੁੱਖ ਮੰਤਰੀ ਠਾਕਰੇ ਬਾਰੇ ਟਿੱਪਣੀਆਂ ਦੇ ਕੇਸ ’ਚ ਕੇਂਦਰੀ ਮੰਤਰੀ ਨੂੰ ਮਿਲ ਚੁੱਕੀ ਹੈ ਜ਼ਮਾਨਤ
ਮਹਾਰਾਸ਼ਟਰ ਸਰਕਾਰ ਨੇ ਬੰਬੇ ਹਾਈ ਕੋਰਟ ਨੂੰ ਅੱਜ ਦੱਸਿਆ ਕਿ ਉਹ ਕੇਂਦਰੀ ਮੰਤਰੀ ਨਾਰਾਇਣ ਰਾਣੇ ਖ਼ਿਲਾਫ਼ ਨਾਸਿਕ ’ਚ ਦਰਜ ਐਫਆਈਆਰ ਦੇ ਮਾਮਲੇ ਵਿਚ ਕੋਈ ਸਖ਼ਤ ਕਾਰਵਾਈ ਨਹੀਂ ਕਰੇਗੀ। ਕੇਂਦਰੀ ਮੰਤਰੀ ਨੂੰ ਇਸ ਮਾਮਲੇ ਵਿਚ ਗ੍ਰਿਫ਼ਤਾਰ ਨਹੀਂ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਨਾਸਿਕ ਵਿਚ ਵੀ ਕੇਂਦਰੀ ਮੰਤਰੀ ਖ਼ਿਲਾਫ਼ ਐਫਆਈਆਰ ਦਰਜ ਹੋਈ ਹੈ। ਰਾਣੇ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰ ਕੇ ਨਾਸਿਕ ’ਚ ਦਰਜ ਹੋਈ ਐਫਆਈਆਰ ਤੇ ਹੋਰ ਸਾਰੇ ਕੇਸ ਰੱਦ ਕਰਨ ਦੀ ਮੰਗ ਕੀਤੀ ਸੀ। ਕੇਂਦਰੀ ਮੰਤਰੀ ਨੇ ਗ੍ਰਿਫ਼ਤਾਰੀ ਤੋਂ ਅੰਤ੍ਰਿਮ ਰਾਹਤ ਦੀ ਮੰਗ ਵੀ ਕੀਤੀ ਸੀ। ਰਾਣੇ ਦੇ ਵਕੀਲ ਨੇ ਉਨ੍ਹਾਂ ਸਾਰੇ ਕੇਸਾਂ ਵਿਚ ਕਾਰਵਾਈ ਉਤੇ ਰੋਕ ਦੀ ਮੰਗ ਕੀਤੀ ਜੋ ਮੰਤਰੀ ਦੇ ਕਥਿਤ ਬਿਆਨ ਨਾਲ ਜੁੜੇ ਹੋਏ ਹਨ। ਮਾਮਲੇ ਉਤੇ ਅਗਲੀ ਸੁਣਵਾਈ 17 ਸਤੰਬਰ ਨੂੰ ਹੋਵੇਗੀ। ਇਸ ਤੋਂ ਪਹਿਲਾਂ ਮਹਾਰਾਸ਼ਟਰ ਦੇ ਮਹਾਡ ਦੀ ਅਦਾਲਤ ਨੇ ਕੇਂਦਰੀ ਮੰਤਰੀ ਨਾਰਾਇਣ ਰਾਣੇ ਨੂੰ ਜ਼ਮਾਨਤ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਗ੍ਰਿਫ਼ਤਾਰੀ ਵਾਜਬ ਸੀ, ਪਰ ਹਿਰਾਸਤੀ ਪੁੱਛਗਿੱਛ ਜ਼ਰੂਰੀ ਨਹੀਂ ਸੀ। ਅਦਾਲਤ ਨੇ ਰਾਣੇ ਨੂੰ ਜ਼ਮਾਨਤ ਮੰਗਲਵਾਰ ਦੇਰ ਰਾਤ ਦਿੱਤੀ ਸੀ। ਜ਼ਿਕਰਯੋਗ ਹੈ ਕਿ ਕੇਂਦਰੀ ਮੰਤਰੀ ਨੂੰ ਕਥਿਤ ਤੌਰ ’ਤੇ ਮੁੱਖ ਮੰਤਰੀ ਊਧਵ ਠਾਕਰੇ ਬਾਰੇ ਵਿਵਾਦਤ ਟਿੱਪਣੀਆਂ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਮੈਜਿਸਟਰੇਟ ਐੱਸ.ਐੱਸ. ਪਾਟਿਲ ਨੇ ਕਿਹਾ ਕਿ ਗ੍ਰਿਫ਼ਤਾਰੀ ਦਾ ਕਾਰਨ ਤੇ ਹੋਰ ਕਾਰਨਾਂ ਨੂੰ ਦੇਖਦਿਆਂ ਗ੍ਰਿਫ਼ਤਾਰੀ ਜਾਇਜ਼ ਲੱਗਦੀ ਹੈ। ਅਦਾਲਤ ਨੇ ਨਾਲ ਹੀ ਕਿਹਾ ਕਿ ਹਾਲਾਂਕਿ ਕੁਝ ਧਾਰਾਵਾਂ ਜਿਨ੍ਹਾਂ ਤਹਿਤ ਰਾਣੇ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ, ਗ਼ੈਰ-ਜ਼ਮਾਨਤੀ ਜ਼ਰੂਰ ਸਨ, ਇਹ ਜ਼ਿੰਦਗੀ ਜਾਂ ਮੌਤ ਦੀ ਸਜ਼ਾ ਵਾਲੀਆਂ ਨਹੀਂ ਸਨ। ਮੈਜਿਸਟਰੇਟ ਨੇ ਕਿਹਾ ਕਿ ਇਨ੍ਹਾਂ ਸਾਰੇ ਪੱਖਾਂ ਨੂੰ ਧਿਆਨ ਵਿਚ ਰੱਖਦਿਆਂ ਮੁਲਜ਼ਮ ਨੂੰ ਜ਼ਮਾਨਤ ਦਿੱਤੀ ਗਈ ਹੈ। ਅਦਾਲਤ ਨੇ ਕਿਹਾ ਕਿ ਮੁਲਜ਼ਮ ਇਸ ਤਰ੍ਹਾਂ ਦਾ ਅਪਰਾਧ ਅੱਗੇ ਨਹੀਂ ਕਰੇਗਾ।ਮਹਾਰਾਸ਼ਟਰ ਭਾਜਪਾ ਨੇ ਰਾਣੇ ਦੀ ਗ੍ਰਿਫ਼ਤਾਰੀ ’ਚ ਸ਼ਿਵ ਸੈਨਾ ਦੇ ਮੰਤਰੀ ਦੀ ਭੂਮਿਕਾ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ ਕੀਤੀ ਹੈ। -ਪੀਟੀਆਈ
ਨਾਸਿਕ ਪੁਲੀਸ ਵੱਲੋਂ ਰਾਣੇ ਨੂੰ ਨੋਟਿਸ ਜਾਰੀ
ਨਾਸਿਕ ਪੁਲੀਸ ਨੇ ਕੇਂਦਰੀ ਮੰਤਰੀ ਨਾਰਾਇਣ ਰਾਣੇ ਨੂੰ ਨੋਟਿਸ ਜਾਰੀ ਕਰ ਕੇ 2 ਸਤੰਬਰ ਨੂੰ ਪੇਸ਼ ਹੋਣ ਲਈ ਕਿਹਾ ਹੈ ਤਾਂ ਕਿ ਮੁੱਖ ਮੰਤਰੀ ਊਧਵ ਠਾਕਰੇ ਖ਼ਿਲਾਫ਼ ਕੀਤੀਆਂ ਕਥਿਤ ਟਿੱਪਣੀਆਂ ਦੇ ਮਾਮਲੇ ਵਿਚ ਪੁੱਛਗਿੱਛ ਕੀਤੀ ਜਾ ਸਕੇ। ਇੱਥੇ ਰਾਣੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਐਫਆਈਆਰ ਦਰਜ ਕੀਤੀ ਗਈ ਸੀ।
ਮੈਂ ਕਿਸੇ ਤੋਂ ਨਹੀਂ ਡਰਦਾ, ਪਿੱਛੇ ਨਹੀਂ ਹਟਾਂਗਾ: ਰਾਣੇ
ਜ਼ਮਾਨਤ ਮਿਲਣ ਤੋਂ ਬਾਅਦ ਕੇਂਦਰੀ ਮੰਤਰੀ ਨਾਰਾਇਣ ਰਾਣੇ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਵੀ ਭਾਜਪਾ ਆਗੂਆਂ ਅਮਿਤ ਸ਼ਾਹ ਤੇ ਯੋਗੀ ਆਦਿੱਤਿਆਨਾਥ ਖ਼ਿਲਾਫ਼ ਕਰੜੇ ਸ਼ਬਦਾਂ ਦਾ ਇਸਤੇਮਾਲ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਹ ਕਿਸੇ ਤੋਂ ਨਹੀਂ ਡਰਦੇ ਤੇ ਪਿੱਛੇ ਹਟਣ ਵਾਲੇ ਨਹੀਂ ਹਨ। ਰਾਣੇ ਨੇ ਕਿਹਾ ਕਿ ਉਨ੍ਹਾਂ ਦੇ ਮੁੱਖ ਮੰਤਰੀ ਖ਼ਿਲਾਫ਼ ਸ਼ਬਦ ਗੁੱਸੇ ਦਾ ਇਜ਼ਹਾਰ ਸਨ ਜੋ ਕਿ ਭਾਰਤ ਦੀ ਆਜ਼ਾਦੀ ਦਾ ਵਰ੍ਹਾ ਭੁੱਲ ਗਏ ਸਨ। ਨਾਰਾਇਣ ਰਾਣੇ ਨੇ ਕਿਹਾ ਕਿ ਉਨ੍ਹਾਂ ਪੱਤਰਕਾਰਾਂ ਨੂੰ ਸਿਰਫ਼ ਉਹੀ ਦੱਸਿਆ ਸੀ ਜੋ ਪਹਿਲਾਂ ਹੀ ਕਿਹਾ ਜਾ ਚੁੱਕਾ ਸੀ, ਇਹ ਅਪਰਾਧ ਕਿਵੇਂ ਹੋ ਸਕਦਾ ਹੈ। ਭਾਜਪਾ ਆਗੂ ਨੇ ਕਿਹਾ ਕਿ ਉਹ ਹੁਣ ‘ਚੰਗੇ ਸ਼ਬਦਾਂ’ ਦਾ ਇਸਤੇਮਾਲ ਕਰ ਕੇ ਸ਼ਿਵ ਸੈਨਾ-ਐਨਸੀਪੀ-ਕਾਂਗਰਸ ਗੱਠਜੋੜ ਸਰਕਾਰ ਦੀ ਆਲੋਚਨਾ ਕਰਨਗੇ।