ਮੁੰਬਈ, 9 ਮਾਰਚ
ਐੱਨਸੀਪੀ ਮੁਖੀ ਸ਼ਰਦ ਪਵਾਰ ਨੇ ਕਿਹਾ ਹੈ ਕਿ ਮਹਾਰਾਸ਼ਟਰ ਸਰਕਾਰ ਭਾਜਪਾ ਆਗੂ ਦੇਵੇਂਦਰ ਫੜਨਵੀਸ ਵੱਲੋਂ ਦਿੱਤੀ ਗਈ ਵੀਡੀਓ ਫੁਟੇਜ ਦੀ ਪੱਕੇ ਤੌਰ ’ਤੇ ਜਾਂਚ ਕਰਵਾਏਗੀ।
ਫੜਨਵੀਸ ਨੇ ਦੋਸ਼ ਲਾਇਆ ਹੈ ਕਿ ਹੁਕਮਰਾਨ ਗੱਠਜੋੜ ਆਪਣੇ ਸਿਆਸੀ ਵਿਰੋਧੀਆਂ ਖ਼ਿਲਾਫ਼ ਸਾਜ਼ਿਸ਼ਾਂ ਘੜ ਰਿਹਾ ਹੈ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਵਾਰ ਨੇ ਕਿਹਾ ਕਿ ਉਨ੍ਹਾਂ ਦਾ ਨਾਮ ਵੀ ਸਿੱਧੇ ਜਾਂ ਅਸਿੱਧੇ ਢੰਗ ਨਾਲ ਜੋੜਿਆ ਜਾ ਰਿਹਾ ਹੈ ਪਰ ਉਹ ਇਸ ਕਥਿਤ ਸਾਜ਼ਿਸ਼ ਨਾਲ ਕਿਤੇ ਵੀ ਜੁੜੇ ਨਹੀਂ ਹੋਏ ਹਨ। ਫੜਨਵੀਸ ਨੇ ਮੰਗਲਵਾਰ ਨੂੰ ਡਿਪਟੀ ਸਪੀਕਰ ਨਰਹਰੀ ਜ਼ੀਰਵਾਲ ਨੂੰ ਵੀਡੀਓ ਰਿਕਾਰਡਿੰਗ ਵਾਲੀ ਪੈੱਨ ਡਰਾਈਵ ਸੌਂਪੀ ਹੈ ਅਤੇ ਕਿਹਾ ਕਿ ਫੁਟੇਜ ਨੂੰ ਦੇਖਣ ਤੋਂ ਪਤਾ ਲੱਗਦਾ ਹੈ ਕਿ ਪੁਲੀਸ ਅਤੇ ਹੁਕਮਰਾਨ ਮਹਾ ਵਿਕਾਸ ਅਗਾੜੀ ਦੇ ਮੈਂਬਰਾਂ ਵੱਲੋਂ ਉਨ੍ਹਾਂ ਨੂੰ, ਗਿਰੀਸ਼ ਮਹਾਜਨ ਅਤੇ ਹੋਰ ਭਾਜਪਾ ਆਗੂਆਂ ਨੂੰ ਫਸਾਉਣ ਦੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ।
ਪਵਾਰ ਨੂੰ ਜਦੋਂ ਪੁੱਛਿਆ ਗਿਆ ਕਿ ਉਨ੍ਹਾਂ ’ਤੇ ਦੋਸ਼ ਲਾਇਆ ਗਿਆ ਹੈ ਕਿ ਉਹ ਫੜਨਵੀਸ ਅਤੇ ਭਾਜਪਾ ਆਗੂ ਗਿਰੀਸ਼ ਮਹਾਜਨ ਨੂੰ ਸਿਆਸੀ ਤੌਰ ’ਤੇ ਖ਼ਤਮ ਕਰਾਉਣਾ ਚਾਹੁੰਦੇ ਹਨ ਤਾਂ ਉਹ ਹੱਸ ਪਏ। ਉਨ੍ਹਾਂ ਕਿਹਾ ਕਿ ਇੰਜ ਕਿਸੇ ਨੂੰ ਖ਼ਤਮ ਨਹੀਂ ਕਰਵਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ 125 ਘੰਟਿਆਂ ਦੀ ਰਿਕਾਰਡਿੰਗ ਕਿਸੇ ਤਾਕਤਵਰ ਏਜੰਸੀ ਤੋਂ ਹੀ ਕਰਵਾਈ ਜਾ ਸਕਦੀ ਹੈ ਅਤੇ ਅਜਿਹੀਆਂ ਏਜੰਸੀਆਂ ਸਿਰਫ਼ ਭਾਰਤ ਸਰਕਾਰ ਅਧੀਨ ਹਨ।
ਪਵਾਰ ਨੇ ਕਿਹਾ ਕਿ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਲਈ ਮਹਾ ਵਿਕਾਸ ਅਗਾੜੀ ਸਰਕਾਰ ਸੱਤਾ ਦੀ ਦੁਰਵਰਤੋਂ ਨਹੀਂ ਕਰ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸੂਬਾ ਸਰਕਾਰ ਨੂੰ ਅਸਥਿਰ ਕਰਨ ਦੀਆਂ ਕੋਸ਼ਿਸ਼ਾਂ ਨਾਕਾਮ ਹੋਣ ਮਗਰੋਂ ਅਜਿਹੇ ਹੱਥਕੰਡੇ ਅਪਣਾਏ ਜਾ ਰਹੇ ਹਨ। ਐੱਨਸੀਪੀ ਮੁਖੀ ਨੇ ਆਸ ਜਤਾਈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਵੱਲੋਂ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਬਾਰੇ ਦਿੱਤੀ ਗਈ ਸ਼ਿਕਾਇਤ ਦੀ ਜਾਂਚ ਕਰਾਉਣਗੇ। -ਪੀਟੀਆਈ