ਨਾਗਪੁਰ, 2 ਜਨਵਰੀ
ਅਮਰੈੱਡ-ਪਾਉਨੀ-ਕਰਹੰਡਾਲਾ ਸੈਂਚਰੀ ’ਚ ਇੱਕ ਮਾਦਾ ਚੀਤਾ ਅਤੇ ਤਿੰਨ ਬੱਚਿਆਂ ਦੀ ਮੌਤ ਦੇ ਮਾਮਲੇ ’ਚ ਸ਼ਨਿਚਰਵਾਰ ਗਊਆਂ ਚਾਰਨ ਵਾਲੇ ਇੱਕ ਵਿੱਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਹ ਜਾਣਕਾਰੀ ਅੱਜ ਇੱਕ ਜੰਗਲਾਤ ਅਧਿਕਾਰੀ ਨੇ ਦਿੱਤੀ। ਮਾਦਾ ਚੀਤਾ ਅਤੇ ਦੋ ਬੱਚਿਆਂ ਦੀਆਂ ਲਾਸ਼ਾਂ ਸ਼ੁੱਕਰਵਾਰ ਅਮਰੈੱਡ ਰੇਂਜ ਅੰਦਰ ਕਰਹੰਡਾਲਾ ਦੇ 1415 ਨੰਬਰ ਕੰਪਾਰਟਮੈਂਟ ’ਚੋਂ ਮਿਲੀਆਂ ਸਨ ਜਦਕਿ ਤੀਜੇ ਬੱਚੇ ਦੀ ਲਾਸ਼ ਸ਼ਨਿਚਰਵਾਰ ਸਵੇਰੇ ਮਿਲੀ। ਲਾਸ਼ਾਂ ਦੇ ਨੇੜੇ ਹੀ ਇੱਕ ਅੱਧਖਾਧੀ ਗਾਂ ਦੀ ਲਾਸ਼ ਪਈ ਸੀ। ਪੈਂਚ ਟਾਈਗਰ ਰਿਜ਼ਰਵ ਦੇ ਫੀਲਡ ਡਾਇਰੈਕਟਰ ਰਵੀਕਿਰਨ ਗੋਵੇਕਰ ਨੇ ਦੱਸਿਆ ਕਿ ਸਬੂਤਾਂ ਅਤੇ ਸਥਾਨਕ ਇੰਟੈਲੀਜੈਂਸ ਦੀ ਸੂਚਨਾ ਦੇ ਆਧਾਰ ’ਤੇ ਦਿਵਾਕਰ ਦੱਤੂਜੀ ਵਾਸੀ ਪਿੰਡ ਨਵੇਗਾਉਂ (ਸਾਧੂ) ਨੂੰ ਹਿਰਾਸਤ ’ਤੇ ਲਿਆ ਗਿਆ ਹੈ। ਉਨ੍ਹਾਂ ਮੁਤਾਬਕ, ‘ਮੁਲਜ਼ਮ ਇੱਕ ਗ਼ੈਰਕਾਨੂੰਨੀ ਚਰਵਾਹਾ ਹੈ ਅਤੇ ਉਸ ਨੇ ਬਦਲੇ ਲੈਣ ਲਈ ਕੀਟਨਾਸ਼ਕ ਨਾਲ ਗਊ ਨੂੰ ਜ਼ਹਿਰ ਦੇਣ ਦੀ ਗੱਲ ਕਬੂਲੀ ਹੈ।’ ਅਧਿਕਾਰੀ ਨੇ ਦੱਸਿਆ ਕਿ ਉਸ ਖ਼ਿਲਾਫ਼ ਅਪਰਾਧਕ ਕੇਸ ਦਰਜ ਕਰਕੇ ਵਰਤਿਆ ਗਿਆ ਕੀਟਨਾਸ਼ਕ ਜ਼ਬਤ ਕਰ ਲਿਆ ਗਿਆ ਹੈ। -ਪੀਟੀਆਈ