ਮੁੰਬਈ, 1 ਅਗਸਤ
ਮਹਾਰਾਸ਼ਟਰ ਕਾਂਗਰਸ ਨੇਤਾ ਸਚਿਨ ਸਾਵੰਤ ਨੇ ਸ਼ਿਵ ਸੈਨਾ ਪ੍ਰਤੀ ਕੀਤੀ ਟਿੱਪਣੀ ਲਈ ਅੱਜ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਦੀ ਨਿਖੇਧੀ ਕਰਦਿਆਂ ਕਿ ਕਿਹਾ ਕਿ ‘ਖੇਤਰੀ ਪਾਰਟੀਆਂ ਨੂੰ ਖਤਮ ਕਰਨ ਦੀ ਉਮੀਦ ਵਾਲੀ ਮਾਨਸਿਕਤਾ’ ਜਮਹੂਰੀਅਤ ਅਤੇ ਵੰਨ-ਸੁਵੰਨਤਾ ਦੇ ਵਿਰੁੱਧ ਹੈ। ਨੱਢਾ ਨੇ ਐਤਵਾਰ ਨੂੰ ਇੱਕ ਮੀਟਿੰਗ ਵਿੱਚ ਦਾਅਵਾ ਕੀਤਾ ਸੀ ਕਿ ਪਰਿਵਾਰਾਂ ਵੱਲੋਂ ਚਲਾਈਆਂ ਜਾ ਰਹੀਆਂ ਪਾਰਟੀਆਂ, ਜਿਹੜੀਆਂ ਕਿ ਖੇਤਰੀ ਉਮੀਦਾਂ ਨੂੰ ਉਭਾਰ ਕੇ ਹੋਂਦ ਵਿੱਚ ਆਈਆਂ ਹਨ, ਜਲਦੀ ਹੀ ਖਤਮ ਹੋ ਜਾਣਗੀਆਂ। ਉਨ੍ਹਾਂ ਇਹ ਵੀ ਆਖਿਆ ਸੀ ਕਿ ਸ਼ਿਵ ਸੈਨਾ ਇੱਕ ਪਰਿਵਾਰ ਵੱਲੋਂ ਚਲਾਈ ਜਾਂਦੀ ਪਾਰਟੀ ਹੈ ਅਤੇ ਇਸ ਦਾ ਅੰਤ ਨੇੜੇ ਹੈ। ਇਸ ਮੁੱਦੇ ’ਤੇ ਟਵੀਟ ਕਰਦਿਆਂ ਮਹਾਰਾਸ਼ਟਰ ਕਾਂਗਰਸ ਦੇ ਜਨਰਲ ਸਕੱਤਰ ਸਾਵੰਤ ਨੇ ਕਿਹਾ, ‘‘ਸੰਸਦ ਦੀ ਬਹੁ-ਪਾਰਟੀ ਜਮਹੂੁਰੀਅਤ ਦੇਸ਼ ਦੀ ਭੂਗੋਲਿਕ, ਸੱਭਿਆਚਾਰਕ, ਸਮਾਜਿਕ ਅਤੇ ਭਾਸ਼ਾਈ ਵੰਨ-ਸੁਵੰਨਤਾ ਨੂੰ ਪੇਸ਼ ਕਰਦੀ ਹੈ। ਅਜਿਹੀ ਮਾਨਸਿਕਤਾ ਜਿਹੜੀ ਖੇਤਰੀ ਪਾਰਟੀਆਂ ਦੇ ਖਤਮ ਹੋਣ ਦੀ ਉਮੀਦ ਰੱਖਦੀ ਹੈ, ਜਮਹੂਰੀਅਤ ਵਿਰੋਧੀ ਹੈ ਤੇ ਭਿੰਨਤਾ ਨੂੰ ਖਾਰਜ ਕਰਦੀ ਹੈ।’’ ਆਰਐੱਸਐੱਸ ਦੀ ਨਿਖੇਧੀ ਉਨ੍ਹਾਂ ਦੋਸ਼ ਲਾਇਆ ਕਿ ਜਥੇਬੰਦੀ ਦੇਸ਼ ਦੇ ਫੈਡਰਲ ਢਾਂਚੇ ਦਾ ਹਮੇਸ਼ਾ ਵਿਰੋਧ ਕਰਦੀ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਕਥਿਤ ਤੌਰ ’ਤੇ ਆਰਐੇੱਸਐੇੱਸ ਦੇ ਲੁਕਵੇਂ ਏਜੰਡੇ ਨੂੰ ਅੱਗੇ ਵਧਾਇਆ ਜਾ ਰਿਹਾ ਹੈ, ਜਿਸ ਤੋਂ ਸਾਵਧਾਨ ਹੋਣ ਦੀ ਲੋੜ ਹੈ।