ਮੁੰਬਈ: ਮਹਾਰਾਸ਼ਟਰ ਵਿਧਾਨ ਸਭਾ ਦੇ ਸਕੱਤਰ ਨੇ ਸੂਬੇ ਵਿੱਚ ਕੁੱਲ 55 ਸ਼ਿਵ ਸੈਨਾ ਵਿਧਾਇਕਾਂ ਵਿੱਚੋਂ 53 ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਇਨ੍ਹਾਂ ਵਿੱਚ 39 ਵਿਧਾਇਕ ਏਕਨਾਥ ਧੜੇ ਦੇ ਜਦਕਿ 14 ਵਿਧਾਇਕ ਊਧਵ ਠਾਕਰੇ ਗਰੁੱਪ ਦੇ ਹਨ। ਠਾਕਰੇ ਗਰੁੱਪ ਦੇ 14 ਵਿਧਾਇਕਾਂ ਵਿੱਚ ਇੱੱਕ ਸੰਤੋਸ਼ ਬਾਂਗੜ ‘ਫਲੋਰ ਟੈਸਟ’ ਵਾਲੇ ਦਿਨ 4 ਜੁਲਾਈ ਨੂੰ ਸ਼ਿੰਦੇ ਕੈਂਪ ਵਿੱਚ ਸ਼ਾਮਲ ਹੋ ਗਏ ਸਨ। ਦੋਵਾਂ ਧਿਰਾਂ ਦੇ ਵਿਧਾਇਕਾਂ ਨੇ ਕਾਰਨ ਦੱਸੋ ਨੋਟਿਸ ਮਿਲਣ ਦੀ ਪੁਸ਼ਟੀ ਕੀਤੀ ਹੈ। ਦੋਵਾਂ ਧਿਰਾਂ ਨੇ ਕ੍ਰਮਵਾਰ 3 ਅਤੇ 4 ਜੁਲਾਈ ਨੂੰ ਵਿਧਾਨ ਸਭਾ ਸਪੀਕਰ ਦੀ ਚੋਣ ਅਤੇ ਭਰੋਸੇ ਦੇ ਵੋਟ ’ਤੇ ਮਤਦਾਨ ਦੌਰਾਨ ਪਾਰਟੀ ਵ੍ਹਿਪ ਦੀ ਉਲੰਘਣਾ ਕਰਨ ਦਾ ਦੋਸ਼ ਲਾਉਂਦਿਆਂ ਇੱਕ ਦੂਜੇ ਦੇ ਵਿਧਾਇਕਾਂ ਨੂੰ ਅਯੋਗ ਕਰਾਰ ਦੇਣ ਦੀ ਮੰਗ ਕੀਤੀ ਸੀ। ਸ਼ਿੰਦੇ ਧੜੇ ਨੇ ਉਨ੍ਹਾਂ ਵਿਧਾਇਕਾਂ ਦੀ ਸੂਚੀ ਵਿੱਚ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਦੇ ਬੇਟੇ ਅਦਿੱਤਿਆ ਠਾਕਰੇ ਦਾ ਨਾਂ ਸ਼ਾਮਲ ਨਹੀਂ ਕੀਤਾ ਜਿਨ੍ਹਾਂ ਨੂੰ ਅਯੋਗ ਠਹਿਰਾਉਣ ਦੀ ਮੰਗੀ ਕੀਤੀ ਗਈ ਹੈ। ਨੋਟਿਸ ਮਹਾਰਾਸ਼ਟਰ ਵਿਧਾਨ ਦੇ ਮੈਂਬਰ (ਦਲ-ਬਦਲੀ ਦੇ ਆਧਾਰ ’ਤੇ ਅਯੋਗਤਾ) ਨੇਮਾਂ ਤਹਿਤ ਜਾਰੀ ਕੀਤੇ ਗਏ ਹਨ। ਸੂਤਰਾਂ ਨੇ ਦੱਸਿਆ ਕਿ ਵਿਧਾਇਕਾਂ ਨੂੰ ਸੱਤ ਦਿਨਾਂ ਵਿੱਚ ਆਪਣਾ ਪੱਖ ਸਪੱਸ਼ਟ ਕਰਨ ਲਈ ਆਖਿਆ ਗਿਆ ਹੈ। -ਪੀਟੀਆਈ