ਨਵੀਂ ਦਿੱਲੀ, 4 ਜੁਲਾਈ
ਸੁਪਰੀਮ ਕੋਰਟ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਸ਼ਿਵ ਸੈਨਾ ਦੇ ਬਾਗ਼ੀ ਵਿਧਾਇਕਾਂ ਦੇ ਨਵੇਂ ਪਾਰਟੀ ਵ੍ਹਿਪ ਨੂੰ ਮਾਨਤਾ ਦੇਣ ਦੇ ਮਹਾਰਾਸ਼ਟਰ ਅਸੈਂਬਲੀ ਦੇ (ਨਵੇਂ ਚੁਣੇ) ਸਪੀਕਰ ਦੇ ਫੈਸਲੇ ਖਿਲਾਫ਼ ਊਧਵ ਠਾਕਰੇ ਖੇਮੇ ਦੀ ਪਟੀਸ਼ਨ ’ਤੇ 11 ਜੁਲਾਈ ਨੂੰ ਸੁਣਵਾਈ ਲਈ ਸਹਿਮਤ ਹੋ ਗਈ ਹੈ। ਜਸਟਿਸ ਇੰਦਰਾ ਬੈਨਰਜੀ ਤੇ ਜਸਟਿਸ ਏ.ਕੇ.ਮਹੇਸ਼ਵਰੀ ਦੇ ਵੈਕੇਸ਼ਨ ਬੈਂਚ ਨੇ ਕਿਹਾ ਕਿ ਇਸ ਸੱਜਰੀ ਪਟੀਸ਼ਨ ’ਤੇ ਹੋਰਨਾਂ ਬਕਾਇਆ ਪਟੀਸ਼ਨਾਂ ਨਾਲ 11 ਜੁਲਾਈ ਨੂੰ ਉਸੇ ਬੈਂਚ ਵੱਲੋਂ ਗਰਮੀ ਦੀਆਂ ਛੁੱਟੀਆਂ ਮਗਰੋਂ ਸੁਣਵਾਈ ਕੀਤੀ ਜਾਵੇਗੀ। ਠਾਕਰੇ ਧੜੇੇ ਵੱਲੋਂ ਪੇਸ਼ ਸੀਨੀਅਰ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ, ‘‘ਵ੍ਹਿਪਾਂ ਨੂੰ ਮਾਨਤਾ ਦੇਣਾ ਸਪੀਕਰ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ। ਇਹ ਇਸ ਕੋਰਟ ਵਿੱਚ ਚੱਲ ਰਹੀ ਕਾਰਵਾਈ ਨੂੰ ਜਿਉਂ ਦੀ ਤਿਉਂ ਰੱਖਣ ਦੇ ਹੁਕਮਾਂ ਨੂੰ ਬਦਲਣ ਵਾਂਗ ਹੈ। ਸਪੀਕਰ ਨੇ ਲੰਘੇ ਦਿਨ ਕਲਮ ਦੇ ਇਕ ਸਟਰੋਕ ਨਾਲ ਅੱਧੀ ਰਾਤ ਨੂੰ ਵ੍ਹਿਪ ਨਿਯੁਕਤ ਕਰ ਦਿੱਤਾ ਸੀ।’’ ਜਸਟਿਸ ਬੈਨਰਜੀ ਨੇ ਕਿਹਾ, ‘‘ਮੇਰੇ ਕੋਲ ਸਾਰੇ ਦਸਤਾਵੇਜ਼ ਮੌਜੂਦ ਨਹੀਂ ਹਨ। ਇਨ੍ਹਾਂ ਸਾਰਿਆਂ ’ਤੇ 11 ਜੁਲਾਈ ਨੂੰ ਹੀ ਸੁਣਵਾਈ ਕਰਦੇ ਹਾਂ।’’-ਪੀਟੀਆਈ