ਮੁੰਬਈ, 18 ਅਗਸਤ
ਮਹਾਰਾਸ਼ਟਰ ਦੇ ਰਾਏਗੜ੍ਹ ਤੱਟ ਤੋਂ ਅੱਜ ਕਿਸ਼ਤੀ ’ਚ ਤਿੰਨ ਏਕੇ-47 ਰਾਈਫਲਾਂ ਅਤੇ ਗੋਲੀਆਂ ਮਿਲੀਆਂ। ਮੁੰਬਈ ਤੋਂ 190 ਕਿਲੋਮੀਟਰ ਤੋਂ ਵੱਧ ਦੂਰ ਸਥਿਤ ਸ੍ਰੀਵਰਧਨ ਖੇਤਰ ਵਿੱਚ ਕੁਝ ਸਥਾਨਕ ਲੋਕਾਂ ਨੇ ਕਿਸ਼ਤੀ ਨੂੰ ਦੇਖਿਆ, ਜਿਸ ਵਿੱਚ ਕੋਈ ਨਹੀਂ ਸੀ ਅਤੇ ਸੁਰੱਖਿਆ ਏਜੰਸੀਆਂ ਨੂੰ ਚੌਕਸ ਕੀਤਾ। ਰਾਏਗੜ੍ਹ ਦੇ ਐੱਸਪੀ ਅਸ਼ੋਕ ਦੁਧੇ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਕਿਸ਼ਤੀ ਦੀ ਤਲਾਸ਼ੀ ਲਈ। ਕਿਸ਼ਤੀ ’ਚੋਂ ਤਿੰਨ ਏਕੇ-47 ਰਾਈਫਲਾਂ ਅਤੇ ਕੁਝ ਗੋਲੀਆਂ ਮਿਲੀਆਂ ਹਨ। ਅਧਿਕਾਰੀਆਂ ਮੁਤਾਬਕ ਇਸ ਕਿਸ਼ਤੀ ਦੇ ਚਾਲਕ ਦਲ ਦੇ ਮੈਂਬਰਾਂ ਨੂੰ ਇਸ ਸਾਲ ਜੂਨ ਵਿੱਚ ਓਮਾਨ ਦੇ ਤੱਟ ਨੇੜੇ ਬਚਾਇਆ ਗਿਆ ਸੀ। ਪੁਲੀਸ ਨੇ ਦੱਸਿਆ ਕਿ ਕਿਸ਼ਤੀ ਤੈਰਦੀ ਹੋਈ ਰਾਏਗੜ੍ਹ ਤੱਟ ‘ਤੇ ਆ ਗਈ। ਇਸ ਦੌਰਾਨ ਰਾਜ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਵਿਧਾਨ ਸਭਾ ’ਚ ਦੱਸਿਆ ਕਿ ਇਹ ਕਿਸ਼ਤੀ ਕਿਸੇ ਆਸਟਰੇਲਿਆਈ ਔਰਤ ਦੀ ਹੈ।