ਪਾਲਘਰ (ਮਹਾਰਾਸ਼ਟਰ), 8 ਮਈ
ਮਹਾਰਾਸ਼ਟਰ ਦੇ ਪਾਲਘਰ ਵਿੱਚ ਮਜ਼ਦੂਰ ਸੰਘ ਦੇ 100 ਤੋਂ ਵੱਧ ਮੈਂਬਰਾਂ ਨੇ ਸਟੀਲ ਕੰਪਨੀ ਦੇ ਮੁਲਾਜ਼ਮਾਂ ’ਤੇ ਹਮਲਾ ਕਰ ਦਿੱਤਾ। ਹਮਲਾਵਾਰ ਭੀੜ ਨੂੰ ਕਾਬੂ ਕਰਨ ਦੀ ਕੋਸ਼ਿਸ਼ ਵਿੱਚ 19 ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਦੇ 12 ਵਾਹਨਾਂ ਨੂੰ ਨੁਕਸਾਨ ਪਹੁੰਚਿਆ। ਪਾਲਘਰ ਜ਼ਿਲ੍ਹ ਦੇ ਬੋਈਸਰ ਕਸਬੇ ਦੇ ਉਦਯੋਗਿਕ ਖੇਤਰ ‘ਚ ਸਥਿਤ ਕੰਪਨੀ ਕੰਪਲੈਕਸ ‘ਚ ਸ਼ਨਿਚਰਵਾਰ ਨੂੰ ਹੋਈ ਇਸ ਘਟਨਾ ਦੇ ਸਬੰਧ ‘ਚ ਪੁਲੀਸ ਨੇ ਹੁਣ ਤੱਕ 27 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਕੰਪਲੈਕਸ ‘ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਪਾਲਘਰ ਪੁਲੀਸ ਦੇ ਬੁਲਾਰੇ ਸਚਿਨ ਨਾਵਾਡਕਰ ਨੇ ਕਿਹਾ ਕਿ ਸਥਿਤੀ ਤਣਾਅਪੂਰਨ ਪਰ ਕਾਬੂ ਹੇਠ ਹੈ। ਉਨ੍ਹਾਂ ਅਨੁਸਾਰ ਕੰਪਨੀ ਵਿੱਚ ਟਰੇਡ ਯੂਨੀਅਨ ਨਾਲ ਸਬੰਧਤ ਮੁੱਦਾ ਲੰਬੇ ਸਮੇਂ ਤੋਂ ਵਿਚਾਰ ਅਧੀਨ ਹੈ। ਹਾਲਾਂਕਿ ਉਨ੍ਹਾਂ ਇਸ ਮੁੱਦੇ ਬਾਰੇ ਕੋਈ ਵਿਸਥਾਰਪੂਰਵਕ ਜਾਣਕਾਰੀ ਨਹੀਂ ਦਿੱਤੀ।