ਨਵੀਂ ਦਿੱਲੀ, 17 ਜੁਲਾਈ
ਦਿੱਲੀ ਦੇ ਵਪਾਰੀਆਂ ਦੀ ਐਸੋਸੀਏਸ਼ਨ ਚੈਂਬਰ ਆਫ ਟਰੇਡ ਐਂਡ ਇੰਡਸਟਰੀ (ਸੀਟੀਆਈ) ਨੇ ਪੈਕਿੰਗ ਅਤੇ ਲੇਬਲ ਲੱਗੀਆਂ ਖ਼ੁਰਾਕੀ ਵਸਤਾਂ ’ਤੇ ਜੀਐੱਸਟੀ ਲਾਉਣ ਖ਼ਿਲਾਫ਼ ਬੁੱਧਵਾਰ ਨੂੰ ਮਹਾਪੰਚਾਇਤ ਬੁਲਾਈ ਹੈ। ਜੀਐੱਸਟੀ ਕੌਂਸਲ ਦੇ ਫ਼ੈਸਲੇ ਦੇ ਲਾਗੂ ਹੋਣ ਤੋਂ ਬਾਅਦ ਸੋਮਵਾਰ ਤੋਂ ਕਈ ਖਾਣ-ਪੀਣ ਦੀਆਂ ਵਸਤਾਂ ਮਹਿੰਗੀਆਂ ਹੋ ਜਾਣਗੀਆਂ। ਇਨ੍ਹਾਂ ਵਿੱਚ ਆਟਾ, ਪਨੀਰ ਅਤੇ ਦਹੀ ਵਰਗੀਆਂ ਪਹਿਲਾਂ ਤੋਂ ਪੈਕ ਕੀਤੀਆਂ ਅਤੇ ਲੇਬਲ ਵਾਲੀਆਂ ਖ਼ੁਰਾਕੀ ਵਸਤਾਂ ਸ਼ਾਮਲ ਹਨ, ਜਿਨ੍ਹਾਂ ਨੂੰ ਖ਼ਰੀਦਣ ਲਈ ਗਾਹਕਾਂ ਨੂੰ ਪੰਜ ਫੀਸਦੀ ਜੀਐੱਸਟੀ ਦੇਣਾ ਪਵੇਗਾ। ਇਸੇ ਤਰ੍ਹਾਂ 5,000 ਰੁਪਏ ਤੋਂ ਵੱਧ ਕਿਰਾਏ ਵਾਲੇ ਹਸਪਤਾਲ ਦੇ ਕਮਰਿਆਂ ’ਤੇ ਵੀ ਜੀਐੱਸਟੀ ਦਾ ਭੁਗਤਾਨ ਕਰਨਾ ਹੋਵੇਗਾ। ਸੀਟੀਆਈ ਦੇ ਚੇਅਰਮੈਨ ਬ੍ਰਿਜੇਸ਼ ਗੋਇਲ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਇਆ, ਜਦੋਂ ਦਾਲ, ਚੌਲ, ਆਟਾ, ਅਨਾਜ, ਦਹੀ, ਲੱਸੀ ਅਤੇ ਇਸੇ ਤਰ੍ਹਾਂ ਦੀਆਂ ਹੋਰ ਖਾਣ-ਪੀਣ ਦੀਆਂ ਵਸਤਾਂ ਨੂੰ ਟੈਕਸ ਦੇ ਦਾਇਰੇ ਵਿੱਚ ਲਿਆਂਦਾ ਗਿਆ ਹੈ। -ਪੀਟੀਆਈ