ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਅਕਤੂਬਰ
ਸੰਯੁਕਤ ਕਿਸਾਨ ਮੋਰਚੇ ਵੱਲੋਂ ਉੱਤਰ ਪ੍ਰਦੇਸ਼ ਮਿਸ਼ਨ ਤਹਿਤ ਅੱਜ ਅਮਰੋਹਾ ’ਚ ਕੀਤੀ ਜਾਣ ਵਾਲੀ ਮਹਾਪੰਚਾਇਤ ਰੱਦ ਕਰਨੀ ਪਈ ਕਿਉਂਕਿ ਅੱਜ ਪਏ ਭਰਵੇਂ ਮੀਂਹ ਕਾਰਨ ਮਹਾਪੰਚਾਇਤ ਵਾਲੇ ਪੰਡਾਲ ਉੱਖੜ ਗਏ ਤੇ ਮੈਦਾਨ ਵਿੱਚ ਪਾਣੀ ਭਰ ਗਿਆ। ਕਿਸਾਨ ਮੋਰਚੇ ਦੇ ਆਗੂ ਯੁੱਧਵੀਰ ਸਿੰਘ ਨੇ ਕਿਹਾ ਕਿ ਇਸ ਪੰਚਾਇਤ ਦੀਆਂ ਤਾਰੀਕਾਂ ਮੁੜ ਤੋਂ ਐਲਾਨੀਆਂ ਜਾਣਗੀਆਂ। ਇਸੇ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਾਰਾਣਸੀ ਫੇਰੀ ਦੇ ਮੱਦੇਨਜ਼ਰ ਉੱਤਰ ਪ੍ਰਦੇਸ਼ ਪੁਲੀਸ ਨੇ ਕੁਝ ਕਿਸਾਨ ਆਗੂਆਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਹੀ ਨਜ਼ਰਬੰਦ ਕੀਤਾ ਹੋਇਆ ਹੈ। ਪੁਲੀਸ ਨੇ ਕਿਸਾਨਾਂ ਦੇ ਘਰਾਂ ਵਿੱਚ ਡੇਰੇ ਲਾ ਰੱਖੇ ਹਨ, ਜੋ ਕਿ ਗਲਤ ਹੈ।