ਮੁੰਬਈ, 28 ਅਪਰੈਲ
ਮੁੰਬਈ ਸਾਈਬਰ ਸੈੱਲ ਦੀ ਵਿਸ਼ੇਸ਼ ਜਾਂਚ ਟੀਮ ਨੇ ਮਹਾਦੇਵ ਸੱਟੇਬਾਜ਼ੀ ਐਪ ਮਾਮਲੇ ਵਿੱਚ ਅਦਾਕਾਰ ਸਾਹਿਲ ਖਾਨ ਨੂੰ ਛੱਤੀਸਗੜ੍ਹ ਤੋਂ ਹਿਰਾਸਤ ’ਚ ਲਿਆ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਬੰਬਈ ਹਾਈ ਕੋਰਟ ਨੇ ਉਸ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਖਾਰਜ ਕਰ ਦਿੱਤੀ ਜਿਸ ਮਗਰੋਂ ਉਸ ਨੂੰ ਸ਼ਨਿਚਰਵਾਰ ਨੂੰ ਛੱਤੀਸਗੜ੍ਹ ਦੇ ਜਗਦਲਪੁਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਐੱਸਆਈਟੀ ਨੇ ਹਾਲ ਵਿੱਚ ਖਾਨ ਕੋਲੋਂ ਇਸ ਮਾਮਲੇ ’ਚ ਪੁੱਛਗਿਛ ਕੀਤੀ ਸੀ। ‘ਸਟਾਈਲ’ ਅਤੇ ‘ਐਕਸਕਿਊਜ਼ ਮੀ’ ਵਰਗੀਆਂ ਫਿਲਮਾਂ ਵਿੱਚ ਕੰਮ ਕਰ ਚੁੱਕਾ ਸਾਹਿਲ ਖਾਨ ਇਕ ਫਿਟਨੈੱਸ ਮਾਹਿਰ ਹੈ। ਐੱਸਆਈਟੀ ਵਿਵਾਦਤ ਮਹਾਦੇਵ ਸੱਟੇਬਾਜ਼ੀ ਐਪ ਦੇ ਪ੍ਰੋਮੋਟਰਾਂ ਅਤੇ ਸੂਬੇ ਵਿੱਚ ਕੁਝ ਵਿੱਤੀ ਤੇ ਰੀਅਲ ਐਸਟੇਟ ਕੰਪਨੀਆਂ ਵਿਚਾਲੇ ਕਥਿਤ ਨਾਜਾਇਜ਼ ਲੈਣ-ਦੇਣ ਦੇ ਸਬੰਧ ਵਿੱਚ ਜਾਂਚ ਕਰ ਰਹੀ ਹੈ। ਪੁਲੀਸ ਵੱਲੋਂ ਇਸ ਮਾਮਲੇ ਵਿੱਚ ਦਰਜ ਐੱਫਆਈਆਰ ਮੁਤਾਬਕ ਇਹ ਘੁਟਾਲਾ ਕਰੀਬ 15,000 ਕਰੋੜ ਰੁਪਏ ਦਾ ਹੈ। -ਪੀਟੀਆਈ