ਵਿਦਿਸ਼ਾ (ਮੱਧ ਪ੍ਰਦੇਸ਼), 11 ਜਨਵਰੀ
ਮੱਧ ਪ੍ਰਦੇਸ਼ ਦੇ ਵਿਦਿਸ਼ਾ ਜ਼ਿਲ੍ਹੇ ਵਿੱਚ ਅਣਪਛਾਤੀ ਔਰਤ ਨੇ ਰੇਲਗੱਡੀ ਦੇ ਅੰਦਰ 30 ਸਾਲਾ ਵਿਅਕਤੀ ’ਤੇ ਤੇਜ਼ਾਬ ਸੁੱਟ ਦਿੱਤਾ। ਇਹ ਘਟਨਾ ਸੋਮਵਾਰ ਰਾਤ ਵਿੰਧਿਆਚਲ ਐਕਸਪ੍ਰੈਸ ਦੀ ਹੈ। ਗੱਡੀ ਜਦੋਂ ਗਰੀਨ ਸਿਗਨਲ ਦੀ ਉਡੀਕ ਕਰ ਰਹੀ ਸੀ, ਉਦੋਂ ਔਰਤ ਨੇ ਤੇਜ਼ਾਬ ਸੁੱਟਿਆ। ਇਸ ਕਾਰਨ ਯਾਤਰੀਆਂ ਵਿੱਚ ਭਾਜੜਾਂ ਪੈ ਗਈਆਂ ਤੇ ਕਈਆਂ ਨੇ ਰੇਲਗੱਡੀ ’ਚੋਂ ਛਾਲ ਮਾਰ ਦਿੱਤੀ ਅਤੇ ਜ਼ਖ਼ਮੀ ਹੋ ਗਏ। ਗੱਡੀ ਭੋਪਾਲ ਤੋਂ ਦਮੋਹ ਵੱਲ ਜਾ ਰਹੀ ਸੀ। ਗੱਡੀ ਜਦੋਂ ਗੰਜਬਾਸੋਦਾ ਰੇਲਵੇ ਸਟੇਸ਼ਨ ਨੇੜੇ ਓਵਰਬ੍ਰਿਜ ‘ਤੇ ਸਿਗਨਲ ਦੀ ਉਡੀਕ ਕਰ ਰਹੀ ਸੀ ਤਾਂ ਔਰਤ ਨੇ ਸਚਿਨ ਸਾਹੂ ‘ਤੇ ਤੇਜ਼ਾਬ ਸੁੱਟ ਦਿੱਤਾ। ਹਸਪਤਾਲ ‘ਚ ਇਲਾਜ ਅਧੀਨ ਪੀੜਤ ਨੇ ਪੁਲੀਸ ਨੂੰ ਦੱਸਿਆ ਕਿ ਉਹ ਹਮਲਾਵਰ ਨੂੰ ਨਹੀਂ ਜਾਣਦਾ।