ਇੰਦੌਰ: ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਰਹਿਣ ਵਾਲੇ ਇੱਕ ਸਬਜ਼ੀ ਵਿਕਰੇਤਾ ਦੀ ਧੀ ਚੌਥੀ ਕੋਸ਼ਿਸ਼ ਦੌਰਾਨ ਭਰਤੀ ਪ੍ਰੀਖਿਆ ਪਾਸ ਕਰਨ ਮਗਰੋਂ ਸਿਵਲ ਜੱਜ ਬਣ ਗਈ ਹੈ। ਅੱਜ ਇੱਥੇ ਗੱਲ ਕਰਦਿਆਂ 29 ਸਾਲਾ ਅੰਕਿਤਾ ਨਾਗਰ ਨੇ ਕਿਹਾ ਕਿ ਤਿੰਨ ਵਾਰ ਭਰਤੀ ਪ੍ਰੀਖਿਆ ਵਿੱਚੋਂ ਅਸਫ਼ਲ ਰਹਿਣ ਦੇ ਬਾਵਜੂਦ ਉਸ ਨੇ ਉਮੀਦ ਨਹੀਂ ਛੱਡੀ ਸੀ। ਅੰਕਿਤਾ ਨੇ ਕਿਹਾ, ‘‘ਮੈਂ ਚੌਥੀ ਕੋਸ਼ਿਸ਼ ਦੌਰਾਨ ਸਿਵਲ ਜੱਜ ਕਲਾਸ-2 ਦੀ ਪ੍ਰੀਖਿਆ ਪਾਸ ਕਰ ਲਈ ਹੈ। ਮੈਂ ਆਪਣੀ ਖੁਸ਼ੀ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੀ।’’ ਅੰਕਿਤਾ ਦੇ ਪਿਤਾ ਅਸ਼ੋਕ ਨਗਰ ਸ਼ਹਿਰ ਦੇ ਮੂਸਾਖੇੜੀ ਇਲਾਕੇ ਵਿੱਚ ਸਬਜ਼ੀ ਵੇਚਦੇ ਹਨ ਅਤੇ ਉਹ ਦੱਸਦੀ ਹੈ ਕਿ ਪ੍ਰੀਖਿਆ ਦੀ ਤਿਆਰੀ ਕਰਨ ਮਗਰੋਂ ਅਕਸਰ ਉਹ ਕੰਮ ਵਿੱਚ ਆਪਣੇ ਪਿਤਾ ਦੀ ਮਦਦ ਕਰਿਆ ਕਰਦੀ ਸੀ। ਅੰਕਿਤਾ ਬਚਪਨ ਤੋਂ ਹੀ ਕਾਨੂੰਨ ਦੀ ਪੜ੍ਹਾਈ ਕਰਨਾ ਚਾਹੁੰਦੀ ਸੀ। ਅੰਕਿਤਾ ਨੇ ਦੱਸਿਆ, ‘‘ਤਿੰਨ ਵਾਰ ਅਸਫ਼ਲ ਰਹਿਣ ਦੇ ਬਾਵਜੂਦ ਮੈਂ ਹਾਰ ਨਹੀਂ ਮੰਨੀ ਅਤੇ ਆਪਣੇ ਉਦੇਸ਼ ’ਤੇ ਧਿਆਨ ਕੇਂਦਰਿਤ ਕੀਤਾ। ਸੰਘਰਸ਼ ਨੇ ਮੇਰੇ ਲਈ ਦਰਵਾਜ਼ੇ ਖੋਲ੍ਹੇ ਅਤੇ ਮੈਂ ਅੱਗੇ ਵਧਣਾ ਜਾਰੀ ਰੱਖਿਆ।’’ ਅੰਕਿਤਾ ਨੇ ਕਿਹਾ ਕਿ ਉਹ ਅਦਾਲਤ ਵਿੱਚ ਹਰ ਕਿਸੇ ਨੂੰ ਇਨਸਾਫ਼ ਦੇਣ ਦੀ ਕੋਸ਼ਿਸ਼ ਕਰੇਗੀ। ਅੰਕਿਤਾ ਦੇ ਪਿਤਾ ਅਸ਼ੋਕ ਨਾਗਰ ਨੇ ਕਿਹਾ ਕਿ ਉਨ੍ਹਾਂ ਦੀ ਧੀ ਨੇ ਔਕੜਾਂ ਦੇ ਬਾਵਜੂਦ ਹਿੰਮਤ ਨਾ ਹਾਰ ਕੇ ਇੱਕ ਮਿਸਾਲ ਕਾਇਮ ਕੀਤੀ ਹੈ। -ਪੀਟੀਆਈ