ਸਾਗਰ, 12 ਅਗਸਤ
ਮੱਧ ਪ੍ਰਦੇਸ਼ ਦੇ ਸਾਗਰ ਜ਼ਿਲੇ ਦੇ ਇਕ ਪਿੰਡ ‘ਚ ਖੂਹ ’ਚ ਲੱਗੀ ਪਾਣੀ ਦੀ ਮੋਟਰ ਨੂੰ ਕੱਢਣ ਲਈ ਉਤਰੇ ਪਿਓ-ਪੁੱਤ ਸਣੇ ਤਿੰਨ ਜਣਿਆਂ ਦੀ ਡੁੱਬਣ ਕਾਰਨ ਮੌਤ ਹੋ ਗਈ। ਇਹ ਜਾਣਕਾਰੀ ਅੱਜ ਪੁਲੀਸ ਦੇ ਇੱਕ ਅਧਿਕਾਰੀ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਘਟਨਾ ਸਾਗਰ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 40 ਕਿਲੋਮੀਟਰ ਦੂਰ ਗੋਰਝਾਮਾਰ ਥਾਣਾ ਖੇਤਰ ਦੇ ਪਿਪਰੀਆ ਪਿੰਡ ਵਿੱਚ ਵੀਰਵਾਰ ਨੂੰ ਵਾਪਰੀ। ਪੁਲੀਸ ਨੇ ਖਦਸ਼ਾ ਜਤਾਇਆ ਕਿ ਖੂਹ ’ਚ ਗੈਸ ਲੀਕ ਹੋਣ ਕਾਰਨ ਤਿੰਨੋਂ ਜਣੇ ਬੇਹੋਸ਼ ਹੋ ਗਏ ਅਤੇ ਪਾਣੀ ਵਿੱਚ ਡੁੱਬ ਗਏ। ਉਨ੍ਹਾਂ ਦੱਸਿਆ ਕਿ ਖੂਹ 60 ਫੁਟ ਡੂੰਘਾ ਸੀ ਅਤੇ ਲਗਾਤਾਰ ਮੀਂਹ ਨਾਲ ਪਾਣੀ ਦਾ ਪੱਧਰ ਵਧਣ ਕਾਰਨ ਮੋਟਰ ਡੁੱਬਣ ਦਾ ਖਦਸ਼ਾ ਸੀ, ਜਿਸ ਨੂੰ ਕੱਢਣ ਲਈ ਉਕਤ ਲੋਕ ਖੂਹ ਵਿੱਚ ਉੱਤਰੇ ਸਨ। ਖੂਹੀ ਵਿੱਚ ਆਕਸੀਜਨ ਦੀ ਕਮੀ ਹੋਣ ਕਾਰਨ ਉਨ੍ਹਾਂ ਸਾਹ ਲੈਣ ਵਿੱਚ ਮੁਸ਼ਕਲ ਹੋਈ ਅਤੇ ਬੇਹੋਸ਼ ਹੋਣ ਕਾਰਨ ਉਹ ਪਾਣੀ ਵਿੱਚ ਡਿੱਗ ਪਏ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ