ਸ਼ਾਹਡੋਲ, 25 ਸਤੰਬਰ
ਮੱਧ ਪ੍ਰਦੇਸ਼ ਵਿਚ ਦਸ ਸਾਲਾਂ ਦੀ ਇਕ ਆਦਿਵਾਸੀ ਵਿਦਿਆਰਥਣ ਨੂੰ ਗੰਦੀ ਵਰਦੀ ਲਾਹੁਣ ਲਈ ਕਹਿਣ ਵਾਲੇ ਸਕੂਲ ਅਧਿਆਪਕ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਸ ਦੇ ਖ਼ਿਲਾਫ਼ ਜਾਂਚ ਦੇ ਹੁਕਮ ਦਿੱਤੇ ਗਏ ਹਨ।
ਇਕ ਅਧਿਕਾਰੀ ਨੇ ਦੱਸਿਆ ਕਿ ਅਧਿਆਪਕ ਨੇ ਹੋਰਾਂ ਵਿਦਿਆਰਥੀਆਂ ਦੇ ਸਾਹਮਣੇ ਹੀ ਇਕ ਵਿਦਿਆਰਥਣ ਨੂੰ ਵਰਦੀ ਲਾਹੁਣ ਲਈ ਕਹਿ ਦਿੱਤਾ। ਸ਼ਾਹਡੋਲ ਜ਼ਿਲ੍ਹੇ ਦੇ ਇਕ ਪਿੰਡ ਵਿਚ ਵਾਪਰੀ ਇਸ ਘਟਨਾ ਦੀ ਫੋਟੋ ਸੋਸ਼ਲ ਮੀਡੀਆ ਉਤੇ ਘੁੰਮ ਰਹੀ ਹੈ। ਇਸ ਵਿਚ ਪੰਜਵੀਂ ਜਮਾਤ ਦੀ ਵਿਦਿਆਰਥਣ ਸਿਰਫ਼ ਅੰਦਰੂਨੀ ਕੱਪੜਿਆਂ ਵਿਚ ਹੈ, ਤੇ ਅਧਿਆਪਕ ਸ਼ਰਵਣ ਕੁਮਾਰ ਤ੍ਰਿਪਾਠੀ ਉਸ ਦੇ ਕੱਪੜੇ ਧੋ ਰਿਹਾ ਹੈ। ਜਦਕਿ ਬਾਕੀ ਵਿਦਿਆਰਥਣਾਂ ਆਲੇ-ਦੁਆਲੇ ਖੜੀਆਂ ਹਨ। ਪਿੰਡ ਵਾਸੀਆਂ ਨੇ ਦਾਅਵਾ ਕੀਤਾ ਕਿ ਵਿਦਿਆਰਥਣ ਇਸੇ ਹਾਲਤ ਵਿਚ ਕਰੀਬ ਦੋ ਘੰਟੇ ਬੈਠੀ ਰਹੀ ਜਦ ਤੱਕ ਉਸ ਦੇ ਕੱਪੜੇ ਨਹੀਂ ਸੁੱਕੇ। ਘਟਨਾ ਤੋਂ ਬਾਅਦ ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕ ਤ੍ਰਿਪਾਠੀ ਨੇ ਇਸ ਘਟਨਾ ਦੀਆਂ ਫੋਟੋਆਂ ਆਪਣੇ ਵਿਭਾਗ ਦੇ ਵਟਸਐਪ ਗਰੁੱਪ ਵਿਚ ਪਾ ਦਿੱਤੀਆਂ। ਉਸ ਨੇ ਫੋਟੋਆਂ ਪੋਸਟ ਕਰਦਿਆਂ ਖ਼ੁਦ ਨੂੰ ‘ਸਵੱਛਤਾ ਮਿੱਤਰ’ ਕਰਾਰ ਦਿੱਤਾ।
ਦੱਸਣਯੋਗ ਹੈ ਕਿ ਇਹ ਸਕੂਲ ਆਦਿਵਾਸੀ ਮਾਮਲਿਆਂ ਬਾਰੇ ਵਿਭਾਗ ਵੱਲੋਂ ਚਲਾਇਆ ਜਾ ਰਿਹਾ ਹੈ। ਸੋਸ਼ਲ ਮੀਡੀਆ ’ਤੇ ਇਹ ਫੋਟੋਆਂ ਵਾਇਰਲ ਹੋਣ ’ਤੇ ਪਿੰਡ ਵਾਸੀਆਂ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। -ਪੀਟੀਆਈ