ਭੋਪਾਲ, 5 ਅਗਸਤ
ਮੱਧ ਪ੍ਰਦੇਸ਼ ਦੇ ਇੱਕ ਮੰਤਰੀ ਨੇ ਅੱਜ ਦੱਸਿਆ ਕਿ ਸੂਬਾ ਸਰਕਾਰ ਨੇ ਭੋਪਾਲ ਦੇ ਪ੍ਰੈੱਸ ਕੰਪਲੈਕਸ ਵਿੱਚ ਨੈਸ਼ਨਲ ਹੈਰਾਲਡ ਅਖਬਾਰ ਨੂੰ ਅਲਾਟ ਕੀਤੀ ਜ਼ਮੀਨ ਦੀ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਉੱਥੇ ਨਿਯਮਾਂ ਦੀ ਉਲੰਘਣਾ ਕਰਕੇ ਇੱਕ ਵਪਾਰਕ ਇਮਾਰਤ ਬਣਾਈ ਗਈ ਹੈ।
ਇਸ ਤੋਂ ਪਹਿਲਾਂ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਾਂਗਰਸ ਦੀ ਮਾਲਕੀ ਵਾਲੇ ਅਖ਼ਬਾਰ ਨੈਸ਼ਨਲ ਹੈਰਾਲਡ ਦੀ ਕੰਪਨੀ ਯੰਗ ਇੰਡੀਅਨ ਵਿੱਚ ਕਥਿਤ ਵਿੱਤੀ ਬੇਨਿਯਮੀਆਂ ਸਬੰਧੀ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਅਤੇ ਆਗੂ ਰਾਹੁਲ ਗਾਂਧੀ ਤੋਂ ਪੁੱਛਗਿੱਛ ਕੀਤੀ ਸੀ। ਮੱਧ ਪ੍ਰਦੇਸ਼ ਦੇ ਮੰਤਰੀ ਭੁਪੇਂਦਰ ਸਿੰਘ ਨੇ ਟਵੀਟ ਕੀਤਾ, ‘‘ਅੱਜ ਮੈਂ ਭੋਪਾਲ ਦੇ ਪ੍ਰੈੱਸ ਕੰਪਲੈਕਸ ਵਿੱਚ ਨੈਸ਼ਨਲ ਹੈਰਾਲਡ ਨੂੰ ਅਲਾਟ ਕੀਤੀ ਗਈ ਜ਼ਮੀਨ ’ਤੇ ਵਪਾਰਕ ਇਮਾਰਤਾਂ ਬਣਾਉਣ ਦੇ ਮਾਮਲੇ ਵਿੱਚ ਜਾਂਚ ਕਮੇਟੀ ਕਾਇਮ ਕਰਨ ਦੇ ਆਦੇਸ਼ ਦਿੱਤੇ ਹਨ।’’ ਉਨ੍ਹਾਂ ਕਿਹਾ, ‘‘ਅਸੀਂ ਇਸ ਦੀ ਜਾਂਚ ਕਰ ਰਹੇ ਹਾਂ। ਜੇ ਕੋਈ ਬੇਨਿਯਮੀ ਪਾਈ ਜਾਂਦੀ ਹੈ ਤਾਂ ਅਸੀਂ ਕਾਰਵਾਈ ਕਰਾਂਗੇ ਅਤੇ ਇਸ ਨੂੰ ਸੀਲ ਕਰ ਦੇਵਾਂਗੇ।” ਭੋਪਾਲ ਵਿਕਾਸ ਅਥਾਰਟੀ (ਬੀਡੀਏ) ਵੱਲੋਂ ਪ੍ਰੈੱਸ ਕੰਪਲੈਕਸ ਵਿੱਚ ਅਖਬਾਰਾਂ ਨੂੰ ਅਲਾਟ ਕੀਤੀ ਗਈ ਜ਼ਮੀਨ ਵਪਾਰਕ ਉਦੇਸ਼ਾਂ ਲਈ ਵਰਤੇ ਜਾਣ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ, “ਇਸ ਦੀ ਵਪਾਰਕ ਵਰਤੋਂ ਨਹੀਂ ਕੀਤੀ ਜਾ ਸਕਦੀ। ਅਜਿਹੀ (ਵਪਾਰਕ) ਵਰਤੋਂ ਨਿਯਮਾਂ ਤਹਿਤ ਨਹੀਂ ਹੈ। ਇਹ ਗਲਤ ਹੈ, ਅਸੀਂ ਕਾਰਵਾਈ ਕਰਾਂਗੇ।’’ ਨੈਸ਼ਨਲ ਹੈਰਾਲਡ ਦੀ ਲੀਜ਼ ਡੀਡ ਰੱਦ ਕਰਨ ਬਾਰੇ ਉਨ੍ਹਾਂ ਕਿਹਾ, ‘‘’ਲੀਜ਼ ਰੱਦ ਕਰ ਦਿੱਤੀ ਗਈ ਹੈ। ਮਾਮਲਾ ਅਦਾਲਤ ਵਿੱਚ ਹੈ। ਅਸੀਂ ਇਸ ਸਬੰਧੀ ਮਾਮਲੇ ਦੀ ਪੂਰੀ ਜਾਣਕਾਰੀ ਮੰਗੀ ਹੈ। ਜੇ ਲੋੜ ਪਈ ਤਾਂ ਅਸੀਂ ਅਦਾਲਤ ਵਿੱਚ ਜਾਵਾਂਗੇ ਅਤੇ ਜੇ ਅਦਾਲਤ ਵਿੱਚ ਕੋਈ ਕੇਸ ਨਹੀਂ ਹੁੰਦਾ ਤਾਂ ਅਸੀਂ ਸਿੱਧੀ ਕਾਰਵਾਈ ਕਰਾਂਗੇ।’’ -ਪੀਟੀਆਈ