ਮੁੱਖ ਅੰਸ਼
- ਪੁਲੀਸ ਦੀ ਕਾਰਵਾਈ ’ਤੇ ਉੱਠੇ ਸਵਾਲ
- ਮ੍ਰਿਤਕ ਦੀ ਦੇਹ ਅੱਠ ਦਿਨ ਇੰਦੌਰ ਦੇ ਹਸਪਤਾਲ ’ਚ ਪਈ ਰਹੀ
ਖਰਗੋਨ, 18 ਅਪਰੈਲ
ਮੱਧ ਪ੍ਰਦੇਸ਼ ਦੇ ਖਰਗੋਨ ਸ਼ਹਿਰ ਵਿਚ ਫ਼ਿਰਕੂ ਹਿੰਸਾ ਦੌਰਾਨ ਲਾਪਤਾ ਹੋਏ 30 ਸਾਲਾ ਵਿਅਕਤੀ ਦੀ ਮ੍ਰਿਤਕ ਦੇਹ ਇੰਦੌਰ ਦੇ ਸਰਕਾਰੀ ਹਸਪਤਾਲ ਵਿਚ ਮਿਲੀ ਹੈ। ਉਹ ਇਨ੍ਹਾਂ ਦੰਗਿਆਂ ਵਿਚ ਮਰਨ ਵਾਲਾ ਪਹਿਲਾ ਵਿਅਕਤੀ ਹੈ ਤੇ ਪੁਲੀਸ ਉਤੇ ਉਸ ਦੀ ਮੌਤ ’ਤੇ ਪਰਦਾ ਪਾਉਣ ਦੇ ਦੋਸ਼ ਲੱਗ ਰਹੇ ਹਨ। ਮ੍ਰਿਤਕ ਦੇ ਪਰਿਵਾਰ ਨੇ ਦੋਸ਼ ਲਾਇਆ ਕਿ ਪੁਲੀਸ ਨੇ 8 ਦਿਨਾਂ ਤੱਕ ਉਸ ਦੀ ਮੌਤ ਬਾਰੇ ਜਾਣਕਾਰੀ ਨਹੀਂ ਦਿੱਤੀ। ਵੇਰਵਿਆਂ ਮੁਤਾਬਕ ਇਬਰੇਸ਼ ਖਾਨ ਦੀ ਦੇਹ ਨੂੰ 8 ਦਿਨ ਸਰਕਾਰੀ ਹਸਪਤਾਲ ਵਿਚ ਰੱਖਿਆ ਗਿਆ। ਉਸ ਦੀ ਦੇਹ ਪੁਲੀਸ ਨੂੰ ਖਰਗੋਨ ਦੇ ਆਨੰਦ ਨਗਰ ਇਲਾਕੇ ਵਿਚ ਮਿਲੀ ਸੀ ਪਰ ਸ਼ਹਿਰ ਵਿਚ ਫਰੀਜ਼ਰ ਨਾ ਹੋਣ ਕਾਰਨ ਉਸ ਨੂੰ ਇੰਦੌਰ ਦੇ ਹਸਪਤਾਲ ਵਿਚ ਰੱਖਿਆ ਗਿਆ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਉਸ ਦੀ ਮੌਤ ਸਿਰ ਵਿਚ ਪੱਥਰ ਵੱਜਣ ਕਾਰਨ ਲੱਗੀ ਗੰਭੀਰ ਸੱਟ ਕਾਰਨ ਹੋਈ ਹੈ। ਜ਼ਿਕਰਯੋਗ ਹੈ ਕਿ 10 ਅਪਰੈਲ ਨੂੰ ਰਾਮ ਨੌਮੀ ਦੀ ਸ਼ੋਭਾ ਯਾਤਰਾ ਦੌਰਾਨ ਖਰਗੋਨ ਸ਼ਹਿਰ ਵਿਚ ਫ਼ਿਰਕੂ ਟਕਰਾਅ ਹੋਇਆ ਸੀ। ਇਸ ਦੌਰਾਨ ਅੱਗਜ਼ਨੀ ਤੇ ਪੱਥਰਬਾਜ਼ੀ ਵੀ ਹੋਈ ਸੀ। ਮਗਰੋਂ ਪ੍ਰਸ਼ਾਸਨ ਨੇ ਸ਼ਹਿਰ ਵਿਚ ਕਰਫਿਊ ਲਾ ਦਿੱਤਾ ਸੀ। ਐੱਸਪੀ ਸਿਧਾਰਥ ਚੌਧਰੀ ਹਿੰਸਾ ਦੌਰਾਨ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਏ ਸਨ। ਐੱਸਪੀ (ਇੰਚਾਰਜ) ਰੋਹਿਤ ਕਾਸ਼ਵਾਨੀ ਨੇ ਮੀਡੀਆ ਨੂੰ ਦੱਸਿਆ ਕਿ, ‘ਇਕ ਅਣਪਛਾਤੀ ਦੇਹ 11 ਅਪਰੈਲ ਨੂੰ ਆਨੰਦ ਨਗਰ ਵਿਚ ਮਿਲੀ ਸੀ। ਖਰਗੋਨ ਵਿਚ ਫਰੀਜ਼ਰ ਨਾ ਹੋਣ ਕਾਰਨ ਇਸ ਨੂੰ ਪੋਸਟਮਾਰਟਮ ਮਗਰੋਂ ਇੰਦੌਰ ਦੇ ਹਸਪਤਾਲ ’ਚ ਰੱਖਿਆ ਗਿਆ।’ ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਪਰਿਵਾਰ ਨੇ ਲਾਪਤਾ ਹੋਣ ਬਾਰੇ ਸ਼ਿਕਾਇਤ 14 ਨੂੰ ਦਿੱਤੀ ਸੀ। -ਪੀਟੀਆਈ
‘ਮੀਡੀਆ ਕੋਲ ਜਾਣ ਦੀ ਚਿਤਾਵਨੀ ਮਗਰੋਂ ਹੀ ਪੁਲੀਸ ਨੇ ਜਾਣਕਾਰੀ ਦਿੱਤੀ’
ਇਬਰੇਸ਼ ਖਾਨ ਦੇ ਭਰਾ ਇਖ਼ਲਾਕ ਖਾਨ ਨੇ ਦਾਅਵਾ ਕੀਤਾ ਹੈ ਕਿ ਮ੍ਰਿਤਕ ਨੂੰ ਕੁਝ ਲੋਕਾਂ ਨੇ 12 ਅਪਰੈਲ ਨੂੰ ਪੁਲੀਸ ਹਿਰਾਸਤ ਵਿਚ ਦੇਖਿਆ ਸੀ। ਇਖ਼ਲਾਕ ਨੇ ਦੋਸ਼ ਲਾਇਆ ਕਿ ਜਦ ਉਨ੍ਹਾਂ ਪੁਲੀਸ ਨੂੰ ਮੀਡੀਆ ਕੋਲ ਜਾਣ ਦੀ ਚਿਤਾਵਨੀ ਦਿੱਤੀ, ਉਦੋਂ ਹੀ ਉਨ੍ਹਾਂ ਇਬਰੇਸ਼ ਦੀ ਮੌਤ ਬਾਰੇ ਅਤੇ ਉਸ ਦੀ ਦੇਹ ਬਾਰੇ ਜਾਣਕਾਰੀ ਦਿੱਤੀ। ਇਖ਼ਲਾਕ ਨੇ ਕਿਹਾ ਕਿ ਉਨ੍ਹਾਂ ਦਾ ਭਰਾ ਆਨੰਦ ਨਗਰ ਇਲਾਕੇ ਵਿਚ ‘ਇਫ਼ਤਾਰ’ ਲਈ ਖਾਣਾ ਲੈ ਕੇ ਗਿਆ ਸੀ ਜਿੱਥੇ ਉਸ ਦੇ ਪੱਥਰ ਵੱਜ ਗਿਆ। ਮ੍ਰਿਤਕ ਦੇ ਭਰਾ ਨੇ ਦੋਸ਼ ਲਾਇਆ ਕਿ ਆਨੰਦ ਨਗਰ ਵਿਚ ਲੋਕਾਂ ਨੇ ਇਬਰੇਸ਼ ’ਤੇ ਹਥਿਆਰਾਂ ਨਾਲ ਹਮਲਾ ਕੀਤਾ ਤੇ ਉਸ ਦਾ ਸਿਰ ਪੱਥਰ ਨਾਲ ਕੁਚਲ ਦਿੱਤਾ। ਇਖ਼ਲਾਕ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਇਬਰੇਸ਼ ਨੂੰ ਪੁਲੀਸ ਦੀ ਹਿਰਾਸਤ ਵਿਚ ਦੇਖਿਆ ਸੀ ਉਹ ਸਾਹਮਣੇ ਆਉਣ ਲਈ ਤਿਆਰ ਨਹੀਂ ਹਨ।
ਨੀਮਚ ’ਚ ਸ਼ਾਂਤੀ ਭੰਗ ਕਰਨ ਦੇ ਦੋਸ਼ ਹੇਠ 150 ਜਣਿਆਂ ਖ਼ਿਲਾਫ਼ ਕੇਸ
ਭੁਪਾਲ: ਮੱਧ ਪ੍ਰਦੇਸ਼ ਦੇ ਨੀਮਚ ਜ਼ਿਲ੍ਹੇ ਵਿਚ 150 ਤੋਂ ਵੱਧ ਲੋਕਾਂ ਵਿਰੁੱਧ ਕਥਿਤ ਤੌਰ ’ਤੇ ਸ਼ਾਂਤੀ ਭੰਗ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਇੱਥੇ ਮੁਸਲਿਮ ਭਾਈਚਾਰੇ ਦੇ ਲੋਕ ਭਾਜਪਾ ਸਰਕਾਰ ’ਤੇ ਖਰਗੋਨ ਫ਼ਿਰਕੂ ਹਿੰਸਾ ਮਾਮਲੇ ਵਿਚ ਪੱਖਪਾਤੀ ਕਾਰਵਾਈ ਕਰਨ ਦਾ ਦੋਸ਼ ਲਾ ਕੇ ਰੋਸ ਜ਼ਾਹਿਰ ਕਰ ਰਹੇ ਸਨ। ਵੇਰਵਿਆਂ ਮੁਤਾਬਕ 15 ਅਪਰੈਲ ਨੂੰ ਨਮਾਜ਼ ਮਗਰੋਂ ਲੋਕਾਂ ਦੇ ਵੱਡੇ ਗਰੁੱਪ ਨੇ ਸ਼ਿਵਰਾਜ ਚੌਹਾਨ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ ਕੀਤਾ ਸੀ। ਲੋਕਾਂ ਨੇ ਸੂਬੇ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਦਾ ਵਿਰੋਧ ਕਰਦਿਆਂ ਉਨ੍ਹਾਂ ਨੂੰ ‘ਅਤਿਵਾਦੀ’ ਕਰਾਰ ਦਿੱਤਾ ਸੀ।