ਭੁਪਾਲ, 11 ਮਈ
ਮੱਧ ਪ੍ਰਦੇਸ਼ ਦੇ ਮੰਤਰੀ ਇੰਦਰ ਸਿੰਘ ਪਰਮਾਰ ਦੀ ਨੂੰਹ ਨੇ ਮੰਗਲਵਾਰ ਦੇਰ ਸ਼ਾਮ ਸ਼ਾਜਾਪੁਰ ਸਥਿਤ ਘਰ ਵਿੱਚ ਕਥਿਤ ਤੌਰ ’ਤੇ ਫਾਹਾ ਲੈ ਕੇ ਜਾਨ ਦੇ ਦਿੱਤੀ। ਮ੍ਰਿਤਕਾ ਸਵਿਤਾ ਪਰਮਾਰ (22) ਦਾ ਵਿਆਹ ਕਰੀਬ ਤਿੰਨ ਸਾਲ ਪਹਿਲਾਂ ਮੰਤਰੀ ਦੇ ਲੜਕੇ ਦੇਵਰਾਜ ਸਿੰਘ ਪਰਮਾਰ ਨਾਲ ਹੋਇਆ ਸੀ। ਇਹ ਜੋੜਾ ਸ਼ਾਜਾਪੁਰ ਜ਼ਿਲ੍ਹੇ ਦੇ ਪਿੰਡ ਪੋਚਨੇਰ ਦਾ ਰਹਿਣ ਵਾਲਾ ਸੀ। ਪੁਲੀਸ ਮੁਤਾਬਕ ਇਹ ਘਟਨਾ ਸ਼ਾਮ 5.30 ਵਜੇ ਦੇ ਕਰੀਬ ਦੀ ਹੈ। ਘਟਨਾ ਪਿੱਛੇ ਪਰਿਵਾਰਕ ਕਲੇਸ਼ ਮੰਨਿਆ ਜਾ ਰਿਹਾ ਹੈ। ਹਾਲਾਂਕਿ ਪੁਲੀਸ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਘਟਨਾ ਸਮੇਂ ਇੰਦਰ ਸਿੰਘ ਪਰਮਾਰ ਸੂਬੇ ਦੀ ਰਾਜਧਾਨੀ ‘ਚ ਸੀ, ਜਦੋਂਕਿ ਸਵਿਤਾ ਦਾ ਪਤੀ ਦੇਵਰਾਜ ਨਜ਼ਦੀਕੀ ਪਿੰਡ ਮੁਹੰਮਦ ਖੇੜਾ ‘ਚ ਵਿਆਹ ‘ਚ ਸ਼ਾਮਲ ਹੋਣ ਜਾ ਰਿਹਾ ਸੀ। ਪੁਲੀਸ ਨੇ ਦੱਸਿਆ ਕਿ ਮੌਕੇ ਤੋਂ ਕੋਈ ਖ਼ੁਦਕੁਸ਼ੀ ਨੋਟ ਬਰਾਮਦ ਨਹੀਂ ਹੋਇਆ ਹੈ। ਪੁਲੀਸ ਨੇ ਦੱਸਿਆ ਕਿ ਮੁੱਢਲੀ ਜਾਂਚ ‘ਚ ਪਤਾ ਲੱਗਾ ਹੈ ਕਿ ਉਸ ਨੇ ਆਪਣੇ ਕਮਰੇ ‘ਚ ਛੱਤ ਵਾਲੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕੀਤੀ ਹੈ। ਅਸਲ ਕਾਰਨ ਪੋਸਟਮਾਰਟਮ ਤੋਂ ਬਾਅਦ ਪਤਾ ਲੱਗੇਗਾ। ਪੁਲਸ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਮੰਤਰੀ ਦੀ ਰਿਹਾਇਸ਼ ‘ਤੇ ਪੁਲਸ ਕਰਮਚਾਰੀ ਤਾਇਨਾਤ ਕਰ ਦਿੱਤੇ ਗਏ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।