ਬੁਰਹਾਨਪੁਰ: ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਵਿੱਚ ਇੰਸਟਾਗ੍ਰਾਮ ’ਤੇ ਇਤਰਾਜ਼ਯੋਗ ਤਸਵੀਰ ਜ਼ਰੀਏ ਇਕ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਕਥਿਤ ਭੜਕਾਉਣ ਦੇ ਦੋਸ਼ ਵਿੱਚ 20 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਨੌਜਵਾਨ ਦੀ ਪਛਾਣ ਇੰਦੌਰ ਵਾਸੀ ਦੇਵਰਾਜ ਠਾਕੁਰ ਵਜੋਂ ਦੱਸੀ ਗਈ ਹੈ। ਐੱਸੀਪੀ ਰਾਹੁਲ ਕੁਮਾਰ ਨੇ ਕਿਹਾ ਕਿ ਸੱਯਦ ਰਫ਼ੀਕ ਨਾਂ ਦੇ ਸ਼ਿਕਾਇਤਕਰਤਾ ਨੇ ਦਾਅਵਾ ਕੀਤਾ ਹੈ ਕਿ ਠਾਕੁਰ ਵੱਲੋਂ ਇੰਸਟਾਗ੍ਰਾਮ ’ਤੇ ਪਾਈ ਪੋਸਟ ਨਾਲ ਧਾਰਮਿਕ ਭਾਵਨਾਵਾਂ ਨੂੰ ਸੱਟ ਵੱਜੀ ਹੈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਸ਼ਿਕਾਇਤ ਦੀ ਤਸਦੀਕ ਮਗਰੋਂ ਪੁਲੀਸ ਨੇ ਠਾਕੁਰ ਖਿਲਾਫ਼ ਆਈਪੀਸੀ ਦੀ ਧਾਰਾ 153ਏ ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਦੇ ਸਾਈਬਰ ਸਕੁਐਡ ਵੱਲੋਂ ਜ਼ਿਲ੍ਹਿਆਂ ਵਿੱਚ ਸੋਸ਼ਲ ਮੀਡੀਆ ’ਤੇ ਇਤਰਾਜ਼ਯੋਗ ਪੋਸਟਾਂ ’ਤੇ ਬਾਜ਼ ਅੱਖ ਰੱਖੀ ਜਾ ਰਹੀ ਹੈ। -ਪੀਟੀਆਈ