ਭੋਪਾਲ, 20 ਮਈ
ਮੱਧ ਪ੍ਰਦੇਸ਼ ਦੀਆਂ ਦੋ ਥਾਂਵਾਂ- ਨਰਮਦਾ ਘਾਟੀ ਵਿੱਚ ਸਥਿਤ ਸੰਗਮਰਮਰੀ ਪੱਥਰ ਨਾਲ ਬਣੇ ਭੇੜਾਘਾਟ ਲਮਹੇਤਾਘਾਟ ਅਤੇ ਸੱਤਪੁੜਾ ਟਾਈਗਰ ਰਿਜ਼ਰਵ (ਐੱਸਟੀਆਰ) ਨੂੰ ਯੂਨੈਸਕੋ ਦੀ ‘ਕੁਦਰਤੀ ਵਿਸ਼ਵ ਵਿਰਾਸਤੀ ਥਾਵਾਂ’ ਦੀ ਸੰਭਾਵੀ ਸੂਚੀ ਵਿੱਚ ਥਾਂ ਮਿਲ ਗਈ ਹੈ। ਇਹ ਜਾਣਕਾਰੀ ਕੇਂਦਰੀ ਸੱਭਿਆਚਾਰ ਮੰਤਰੀ ਪ੍ਰਹਲਾਦ ਪਟੇਲ ਨੇ ਦਿੱਤੀ। ਉਨ੍ਹਾਂ ਕਿਹਾ,‘ਇਹ ਮੱਧ ਪ੍ਰਦੇਸ਼ ਲਈ ਮਾਣ ਵਾਲੀ ਗੱਲ ਹੈ।’ ਉਨ੍ਹਾਂ ਦੱਸਿਆ ਕਿ ਭਾਰਤੀ ਪੁਰਾਤੱਤਵ ਵਿਭਾਗ (ਏਐੱਸਆਈ) ਨੇ ਯੂਨੈਸਕੋ ਨੂੰ ਮੁਲਕ ਵਿੱਚ ਸਥਿਤ ਨੌਂ ਥਾਵਾਂ ਦੀ ਸੂਚੀ ਭੇਜੀ ਸੀ, ਜਿਨ੍ਹਾਂ ’ਚੋਂ ਛੇ ਨੇ ਸੰਭਾਵਿਤ ਸੂਚੀ ਵਿੱਚ ਜਗ੍ਹਾ ਬਣਾਈ ਹੈ ਤੇ ਇਨ੍ਹਾਂ ਵਿੱਚ ਭੇੜਾਘਾਟ ਲਮਹੇਤਾਘਾਟ ਅਤੇ ਸੱਤਪੁੜਾ ਟਾਈਗਰ ਰਿਜ਼ਰਵ (ਐੱਸਟੀਆਰ) ਸ਼ਾਮਲ ਹਨ। ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਕਿਹਾ ਕਿ ਇਹ ਮੱਧ ਪ੍ਰਦੇਸ਼ ਲਈ ਮਾਣ ਵਾਲੀ ਗੱਲ ਹੈ ਕਿ ਇਸ ਦੀ ਇੱਕ ਨਹੀਂ ਬਲਕਿ ਦੋ ਜਗ੍ਹਾਵਾਂ ਨੇ ਇਸ ਸੂਚੀ ਵਿੱਚ ਆਪਣੀ ਥਾਂ ਬਣਾਈ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਮੁਬਾਰਕਬਾਦ ਦਿੰਦਿਆਂ ਪ੍ਰਧਾਨ ਮੰਤਰੀ ਤੇ ਕੇਂਦਰੀ ਸੱਭਿਆਚਾਰ ਮੰਤਰੀ ਦਾ ਧੰਨਵਾਦ ਕੀਤਾ। ਇਨ੍ਹਾਂ ਥਾਂਵਾਂ ਦੀ ਚੋਣ ਨਾਲ ਸੂਬੇ ਵਿੱਚ ਸੈਰ-ਸਪਾਟਾ ਕਾਰੋਬਾਰ ਨੂੰ ਉਤਸ਼ਾਹ ਮਿਲੇਗਾ। -ਪੀਟੀਆਈ