ਭੁਪਾਲ/ਲਖ਼ਨਊ, 19 ਜਨਵਰੀ
ਮੱਧ ਪ੍ਰਦੇਸ਼ ਸਰਕਾਰ ਨੇ ਵੀ ਐਮਾਜ਼ੋਨ ਪ੍ਰਾਈਮ ਵੀਡੀਓ ਸੀਰੀਜ਼ ‘ਤਾਂਡਵ’ ਖ਼ਿਲਾਫ਼ ਕੇਸ ਦਰਜ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਸੂਬੇ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਦੋਸ਼ ਲਾਇਆ ਹੈ ਕਿ ਸੀਰੀਜ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੀ ਹੈ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀ ਵੈੱਬ ਸੀਰੀਜ਼ ਵਿਚ ਹਿੰਦੂ ਦੇਵਤਿਆਂ ਨੂੰ ਕਥਿਤ ਗਲਤ ਢੰਗ ਨਾਲ ਦਿਖਾਏ ਜਾਣ ਤੋਂ ਬਾਅਦ ਉੱਠੇ ਵਿਵਾਦ ਦੇ ਸੰਦਰਭ ਵਿਚ ਕਿਹਾ ਕਿ ‘ਕਿਸੇ ਨੂੰ ਵੀ ਸਾਡੇ ਧਾਰਮਿਕ ਵਿਸ਼ਵਾਸ ਨੂੰ ਠੇਸ ਪਹੁੰਚਾਉਣ ਤੇ ਦੇਵਤਿਆਂ ਦਾ ਨਿਰਾਦਰ ਕਰਨ ਦਾ ਹੱਕ ਨਹੀਂ ਹੈ।’ ਵੈੱਬ ਸੀਰੀਜ਼ ਖ਼ਿਲਾਫ਼ ਉੱਤਰ ਪ੍ਰਦੇਸ਼ ਦੇ ਨੋਇਡਾ ਵਿਚ ਵੀ ਇਕ ਐਫਆਈਆਰ ਦਰਜ ਕਰਵਾਈ ਗਈ ਹੈ। ਸੀਰੀਜ਼ ਦੇ ਨਿਰਮਾਤਾਵਾਂ ਖ਼ਿਲਾਫ਼ ਯੂਪੀ ਵਿਚ ਇਹ ਤੀਜੀ ਐਫਆਈਆਰ ਹੈ। ਸ਼ੋਅ ਦੇ ਨਿਰਮਾਤਾਵਾਂ ਨੇ ਸੋਮਵਾਰ ‘ਬਿਨਾਂ ਸ਼ਰਤ’ ਮੁਆਫ਼ੀ ਵੀ ਮੰਗੀ ਹੈ। ਇਸੇ ਦੌਰਾਨ ਨਿਰਮਾਤਾਵਾਂ ਨੇ ਕਿਹਾ ਹੈ ਕਿ ਉਹ ਸੀਰੀਜ਼ ਵਿਚ ਬਦਲਾਅ ਕਰਨ ਲਈ ਤਿਆਰ ਹਨ ਤਾਂ ਕਿ ਸ਼ਿਕਾਇਤਾਂ ਤੇ ਵਿਵਾਦ ਦੂਰ ਕੀਤਾ ਜਾ ਸਕੇ। ਮੀਡੀਆ ਨਾਲ ਗੱਲਬਾਤ ਕਰਦਿਆਂ ਮਿਸ਼ਰਾ ਨੇ ਸਵਾਲ ਕੀਤਾ ਕਿ ‘ਕਿਉਂ ਹਾਲੇ ਤੱਕ ਕਿਸੇ ਫ਼ਿਲਮ ਨੇ ਕਿਸੇ ਹੋਰ ਧਰਮ ਖ਼ਿਲਾਫ਼ ਕੋਈ ਨਿਰਾਦਰ ਭਰੀ ਟਿੱਪਣੀ ਨਹੀਂ ਕੀਤੀ? ਹਮੇਸ਼ਾ ਹਿੰਦੂਆਂ ਨੂੰ ਹੀ ਨਿਸ਼ਾਨਾ ਕਿਉਂ ਬਣਾਇਆ ਜਾਂਦਾ ਹੈ? ਅਸੀਂ ਜਦੋਂ ਇਸ ਦਾ ਵਿਰੋਧ ਕਰਦੇ ਹਾਂ ਤਾਂ ਹੋਰਨਾਂ ਸਿਆਸੀ ਧਿਰਾਂ ਨੂੰ ਬੁਰਾ ਕਿਉਂ ਲੱਗਦਾ ਹੈ? ਖ਼ੁਸ਼ ਕਰਨ ਦੀ ਰਾਜਨੀਤੀ ਚੰਗੀ ਨਹੀਂ ਹੈ।’ ਅਦਾਕਾਰ ਸੈਫ਼ ਅਲੀ ਖ਼ਾਨ, ਡਿੰਪਲ ਕਪਾਡੀਆ, ਸੁਨੀਲ ਗਰੋਵਰ, ਤਿਗਮਾਂਸ਼ੂ ਧੂਲੀਆ, ਦੀਨੋ ਮੌਰੀਆ, ਕੁਮੁਦ ਮਿਸ਼ਰਾ, ਮੁਹੰਮਦ ਜ਼ੀਸ਼ਾਨ ਅਯੂਬ ਤੇ ਹੋਰਾਂ ਨੇ ‘ਤਾਂਡਵ’ ਵਿਚ ਮੁੱਖ ਭੂਮਿਕਾਵਾਂ ਨਿਭਾਈਆਂ ਹਨ। -ਪੀਟੀਆਈ
ਕਈ ਸ਼ੋਅ ਤੇ ਫ਼ਿਲਮਾਂ ਪਹਿਲਾਂ ਵੀ ਘਿਰ ਚੁੱਕੇ ਹਨ ਵਿਵਾਦਾਂ ’ਚ
ਨਵੀਂ ਦਿੱਲੀ: ਵਿਵਾਦ ਦਾ ਕੇਂਦਰ ਬਣਨ ਵਾਲੀ ‘ਤਾਂਡਵ’ ਪਹਿਲੀ ਸੀਰੀਜ਼ ਨਹੀਂ ਹੈ। ਇਸ ਤੋਂ ਪਹਿਲਾਂ ‘ਦਿ ਸੂਟੇਬਲ ਬੁਆਏ’ ਵਿਚ ਇਕ ਮੁਸਲਿਮ ਲੜਕੇ ਤੇ ਹਿੰਦੂ ਲੜਕੀ ’ਤੇ ਫ਼ਿਲਮਾਏ ਗਏ ਦ੍ਰਿਸ਼ ’ਤੇ ਕਾਫ਼ੀ ਹੰਗਾਮਾ ਹੋ ਚੁੱਕਾ ਹੈ। ‘ਪਾਤਾਲ ਲੋਕ’ ਵਿਚ ਕੁੱਤੇ ਦੇ ਨਾਂ ’ਤੇ, ਫ਼ਿਲਮ ‘ਐ ਦਿਲ ਹੈ ਮੁਸ਼ਕਿਲ’ ਵਿਚ ਪਾਕਿਸਤਾਨੀ ਅਦਾਕਾਰ ਦੀ ਮੁੱਖ ਭੂਮਿਕਾ ਉਤੇ ਵੀ ਕਾਫ਼ੀ ਰੌਲਾ-ਰੱਪਾ ਪੈ ਚੁੱਕਾ ਹੈ। ਸੰਜੈ ਲੀਲਾ ਭੰਸਾਲੀ ਦੀ ਫ਼ਿਲਮ ‘ਪਦਮਾਵਤ’ ਵੀ ਸਿਆਸੀ ਪੱਖ ਤੋਂ ਵਿਵਾਦਾਂ ਵਿਚ ਘਿਰ ਗਈ ਸੀ। ਇਸ ਤੋਂ ਇਲਾਵਾ ਨੈੱਟਫਲਿਕਸ ਦੇ ਸ਼ੋਅ ‘ਲੈਲਾ’ ਨੂੰ ‘ਹਿੰਦੂ ਵਿਰੋਧੀ’ ਕਰਾਰ ਦਿੱਤਾ ਗਿਆ ਸੀ। ‘ਸੇਕਰਡ ਗੇਮਜ਼’ ਵੀ ਸਿਆਸੀ ਤੇ ਧਾਰਮਿਕ ਪੱਖ ਤੋਂ ਵਿਵਾਦਾਂ ਵਿਚ ਰਿਹਾ। ਫ਼ਿਲਮ ‘ਲਿਪਸਟਿਕ ਅੰਡਰ ਮਾਈ ਬੁਰਕਾ’ ਨੂੰ 2017 ਵਿਚ ਭਾਰਤ ’ਚ ਰਿਲੀਜ਼ ਹੋਣ ਤੋਂ ਹੀ ਰੋਕ ਦਿੱਤਾ ਗਿਆ ਸੀ। -ਪੀਟੀਆਈ