ਭੁਪਾਲ, 7 ਅਕਤੂਬਰ
ਕੇਂਦਰੀ ਜਾਂਚ ਏਜੰਸੀ (ਸੀਬੀਆਈ) ਨੇ ਦੱਸਿਆ ਕਿ ਉਸ ਨੇ ਕਿ ਮੱਧ ਪ੍ਰਦੇਸ਼ ਵਿੱਚ ਤਿੰਨ ਅਖ਼ਬਾਰਾਂ, ਜਿਨ੍ਹਾਂ ਵਿੱਚੋਂ ਇੱਕ ਜਬਲਪੁਰ ਅਤੇ ਦੋ ਸਿਓਨੀ ਵਿੱਚ ਹਨ, ਖ਼ਿਲਾਫ਼ ਲੱਖਾਂ ਦੇ ਰੁਪਏ ਦੇ ਸਰਕਾਰੀ ਇਸ਼ਤਿਹਾਰ ਲੈਣ ਲਈ ਕਥਿਤ ਵੱਧ ਸਰਕੁਲੇਸ਼ਨ ਦਿਖਾਉਣ ਦੇ ਦੋਸ਼ ਹੇਠ ਐੱਫਆਈਆਰ ਦਰਜ ਕੀਤੀ ਹੈ। ਸੀਬੀਆਈ ਦੀ ਵੈੱਬਸਾਈਟ ’ਤੇ ਅੱਪਲੋਡ ਐੱਫਆਈਆਰ ਦੀ ਕਾਪੀ ’ਚ ਕਿਹਾ ਗਿਆ ਹੈ ਕਿ ਤਿੰਨ ਅਖ਼ਬਾਰਾਂ ਦੇ ਪ੍ਰਕਾਸ਼ਕਾਂ/ਮਾਲਕਾਂ ਖ਼ਿਲਾਫ਼ ਜਬਲਪੁਰ ’ਚ ਕੇਸ 4 ਅਕਤੂਬਰ ਨੂੰ ਦਰਜ ਕੀਤਾ ਗਿਆ ਹੈ। ਇਸ ਵਿੱਚ ਦੱਸਿਆ ਗਿਆ ਕਿ ਇੱਕ ਵਿਅਕਤੀ ਹਿਮਾਂਸ਼ੂ ਕੌਸ਼ਲ ਵੱਲੋਂ ਇਸ ਸਾਲ 13 ਅਗਸਤ ਨੂੰ ਸੀਬੀਆਈ ਦੇ ਜਬਲਪੁਰ ’ਚ ਦਿੱਤੀ ਸ਼ਿਕਾਇਤ ਦੇ ਆਧਾਰ ’ਤੇ ਉਨ੍ਹਾਂ ਖ਼ਿਲਾਫ਼ ਅਪਰਾਧਕ ਸ਼ਾਜਿਸ਼, ਜਾਅਲਸਾਜ਼ੀ ਅਤੇ ਧੋਖਾਧੜੀ ਦੇ ਦੋਸ਼ ਲਾਏ ਗਏ ਹਨ। ਕੌਸ਼ਲ ਨੇ ਸ਼ਿਕਾਇਤ ਵਿੱਚ ਦੋਸ਼ ਲਾਇਆ ਸੀ ਕਿ ਇਨ੍ਹਾਂ ਅਖ਼ਬਾਰਾਂ ਨੇ ਆਪਣੀ ਸਰਕੁਲੇਸ਼ਨ ਸਬੰਧੀ ਚਾਰਟਰਡ ਅਕਾਊਂਟੈਂਟ ਦੀ ਫਰਜ਼ੀ ਰਿਪੋਰਟ ਦੇ ਆਧਾਰ ’ਤੇ ਭਾਰਤ ਸਰਕਾਰ ਦੀ ਏਜੰਸੀ ਡਾਇਰੈਕਟੋਰੇਟ ਆਫ ਐਡਵਰਟਾਈਜ਼ਿੰਗ ਐਂਡ ਵਿਜ਼ੂਅਲ ਪਬਲੀਸਿਟੀ (ਡੀਏਵੀਪੀ) ਤੋਂ ਲੱਖਾਂ ਰੁਪਏ ਦੇ ਇਸ਼ਤਿਹਾਰ ਪ੍ਰਾਪਤ ਕੀਤੇ ਹਨ। -ਪੀਟੀਆਈ