ਮੰਦਸੌਰ, 19 ਦਸੰਬਰ
ਮੱਧ ਪ੍ਰਦੇਸ਼ ਵਿੱਚ ਮੰਦਸੌਰ ਦੀ ਖੇਤੀ ਉਪਜ ਮੰਡੀ ਵਿੱਚ ਲਸਣ ਦੇ ਵਾਜਬਿ ਭਾਅ ਨਾ ਮਿਲਣ ਕਾਰਨ ਨਾਰਾਜ਼ ਹੋਏ ਕਿਸਾਨ ਨੇ ਆਪਣੀ ਲਸਣ ਦੀ ਉਪਜ ਨੂੰ ਅੱਗ ਲਗਾ ਦਿੱਤੀ। ਮੰਡੀ ਦੇ ਨਿਰੀਖਕ ਜਗਦੀਸ਼ ਬਾਬਰ ਨੇ ਕਿਹਾ ਕਿ ਸ਼ਨਿਚਰਵਾਰ ਨੂੰ ਮੰਡੀ ਸਮਿਤੀ ਵਿੱਚ ਇਕ ਕਿਸਾਨ ਨੂੰ ਲਸਣ ਦਾ ਵਧੀਆ ਭਾਅ ਨਹੀਂ ਮਿਲਿਆ ਤੇ ਉਸ ਨੇ 50-60 ਕਿਲੋ ਲਸਣ ਨੂੰ ਅੱਗ ਲਗਾ ਦਿੱਤੀ। ਕਿਸਾਨ ਦੀ ਪਛਾਣ ਉੱਜੈਨ ਵਾਸੀ ਸ਼ੰਕਰ ਸਿੰਘ ਵਜੋਂ ਹੋਈ ਹੈ। ਬਾਬਰ ਨੇ ਦੱਸਿਆ ਕਿ ਗੁਣਵੱਤਾ ਖਰਾਬ ਹੋਣ ਕਾਰਨ ਲਸਣ 1400 ਰੁਪਏ ਕੁਇੰਟਲ ਦੇ ਹਿਸਾਬ ਨਾਲ ਨਿਲਾਮ ਕੀਤਾ ਗਿਆ। ਇਸੇ ਦੌਰਾਨ ਵਧੀਆ ਕੁਆਲਿਟੀ ਵਾਲਾ ਲਸਣ 2500 ਤੋਂ 5500 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਨਿਲਾਮ ਹੋਇਆ। ਇਸ ਦੇ ਜਵਾਬ ਵਿੱਚ ਪੀੜਤ ਕਿਸਾਨ ਨੇ 150 ਕਿਲੋ ਲਸਣ ਨੂੰ ਅੱਗ ਲਾਉਣ ਦਾ ਦਾਅਵਾ ਕਰਦਿਆਂ ਕਿਹਾ ਕਿ ਲਸਣ ਦੀ ਖੇਤੀ ਵਿੱਚ ਉਸ ਦੇ ਢਾਈ ਲੱਖ ਰੁਪਏ ਖਰਚ ਹੋਏ ਹਨ ਤੇ ਉਸ ਨੂੰ ਸਿਰਫ ਇਕ ਲੱਖ ਰੁਪਏ ਹੀ ਮਿਲ ਰਹੇ ਹਨ। -ਪੀਟੀਆਈ