ਭੋਪਾਲ, 9 ਮਾਰਚ
ਮੱਧ ਪ੍ਰਦੇਸ਼ ਵਿਧਾਨ ਸਭਾ ’ਚ ਅੱਜ ਵਿੱਤ ਮੰਤਰੀ ਜਗਦੀਸ਼ ਦਿਓੜਾ ਨੇ ਬਜਟ ਪੇਸ਼ ਕੀਤਾ। ਇਸ ਦੌਰਾਨ ਕਾਂਰਗਸ ਨੇ ਜ਼ੋਰਦਾਰ ਹੰਗਾਮਾ ਕੀਤਾ। ਦਿਓੜਾ ਜਿਵੇਂ ਹੀ ਬਜਟ ਪੇਸ਼ ਕਰਨ ਲਈ ਖੜ੍ਹੇ ਹੋਏ ਤਾਂ ਕਾਂਗਰਸ ਵਿਧਾਇਕਾਂ ਨੇ ਸਦਨ ’ਚ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।
ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਿਰੋਧੀ ਧਿਰ ਨੂੰ ਬੇਨਤੀ ਕੀਤੀ ਕਿ ਉਹ ਵਿੱਤ ਮੰਤਰੀ ਨੂੰ ਬਜਟ ਪੜ੍ਹਨ ਦੀ ਇਜਾਜ਼ਤ ਦੇਣ। ਚੌਹਾਨ ਨੇ ਕਿਹਾ,‘‘ਇਹ ਬਜਟ ਸਿਰਫ਼ ਵਿਧਾਇਕਾਂ ਲਈ ਨਹੀਂ ਸਗੋਂ ਬੱਚਿਆਂ, ਮਹਿਲਾਵਾਂ, ਮੁਲਾਜ਼ਮਾਂ ਸਮੇਤ ਸਮਾਜ ਦੇ ਸਾਰੇ ਵਰਗਾਂ ਲਈ ਹੈ। ਉਹ ਬਜਟ ਸੁਣਨਾ ਚਾਹੁੰਦੇ ਹਨ। ਉਹ ਜਾਣਨਾ ਚਾਹੁੰਦੇ ਹਨ ਕਿ ਉਨ੍ਹਾਂ ਦੀ ਸਰਕਾਰ ਨੇ ਕੀ ਕੀਤਾ ਹੈ ਅਤੇ ਕੀ ਕੁਝ ਕੀਤਾ ਜਾਣਾ ਬਾਕੀ ਹੈ। ਜੇਕਰ ਵਿਰੋਧੀ ਧਿਰ ਨੇ ਬਜਟ ਪੇਸ਼ ਕਰਨ ਦੀ ਇਜਾਜ਼ਤ ਨਾ ਦਿੱਤੀ ਤਾਂ ਇਹ ਗਲਤ ਰੁਝਾਨ ਹੋਵੇਗਾ।’’
ਸਪੀਕਰ ਗਿਰੀਸ਼ ਗੌਤਮ ਨੇ ਵਿਰੋਧੀ ਧਿਰ ਦੇ ਆਗੂ ਕਮਲਨਾਥ ਨੂੰ ਬੇਨਤੀ ਕੀਤੀ ਕਿ ਉਹ ਕਾਂਗਰਸ ਵਿਧਾਇਕਾਂ ਨੂੰ ਸ਼ੋਰ ਨਾ ਪਾਉਣ ਲਈ ਮਨਾਉਣ। ਜਦੋਂ ਵਿਧਾਇਕ ਨਾ ਮੰਨੇ ਤਾਂ ਸਪੀਕਰ ਨੇ ਦਿਓੜਾ ਨੂੰ ਬਜਟ ਪੇਸ਼ ਕਰਨ ਲਈ ਕਿਹਾ। ਵਿੱਤ ਮੰਤਰੀ ਨੇ ਜਿਵੇਂ ਹੀ ਬਜਟ ਪੜ੍ਹਨਾ ਸ਼ੁਰੂ ਕੀਤਾ ਤਾਂ ਕਾਂਗਰਸ ਵਿਧਾਇਕ ਸਪੀਕਰ ਦੇ ਆਸਣ ਸਾਹਮਣੇ ਆ ਗਏ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। -ਆਈਏਐਨਐਸ/ਪੀਟੀਆਈ
ਬਜਟ ਵਿੱਚ ਕੋਈ ਨਵਾਂ ਟੈਕਸ ਨਹੀਂ ਲਗਾਇਆ
ਮੱਧ ਪ੍ਰਦੇਸ਼ ਦੇ ਬਜਟ ’ਚ ਕਿਸੇ ਨਵੇਂ ਟੈਕਸ ਦੀ ਤਜਵੀਜ਼ ਨਹੀਂ ਰੱਖੀ ਗਈ ਹੈ। ਵਿੱਤ ਮੰਤਰੀ ਨੇ ਸੂਬੇ ਦੇ ਬੁਨਿਆਦੀ ਢਾਂਚੇ ਲਈ 42,128 ਕਰੋੜ, ਸਿਹਤ ਲਈ 19,405 ਕਰੋੜ, ਖੇਤੀ ਸੈਕਟਰ ਲਈ 32,843 ਕਰੋੜ ਰੁਪਏ ਅਤੇ ਸਿੱਖਿਆ ਲਈ 32,843 ਕਰੋੜ ਰੁਪਏ ਰੱਖੇ ਹਨ। ਪਹਿਲੀ ਵਾਰ ਸੂਬਾ ਸਰਕਾਰ ਨੇ ‘ਬਾਲਾਂ ਲਈ ਬਜਟ’ ਪੇਸ਼ ਕੀਤਾ ਹੈ ਜਿਸ ਤਹਿਤ 17 ਵਿਭਾਗਾਂ ਦੀਆਂ 220 ਯੋਜਨਾਵਾਂ ਲਈ 57,800 ਕਰੋੜ ਰੁਪਏ ਰੱਖੇ ਗਏ ਹਨ। ਵਿੱਤ ਮੰਤਰੀ ਨੇ ਕਿਹਾ ਕਿ ਅਨੁਮਾਨਿਤ ਵਿੱਤੀ ਘਾਟਾ 52,511 ਕਰੋੜ ਰੁਪਏ ਰਿਹਾ ਜੋ ਜੀਐੱਸਡੀਪੀ ਦਾ 4.56 ਫ਼ੀਸਦ ਹੈ।