ਭੁਪਾਲ, 24 ਜੁਲਾਈ
ਭੁਪਾਲ ਦੇ ਸਰਕਾਰੀ ਸਕੂਲ ਵਿੱਚ ਚੌਕੀਦਾਰ ਵੱਲੋਂ ਨੌਂ ਸਾਲਾ ਬੱਚੀ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਨੇ ਦੱਸਿਆ ਕਿ ਇਹ ਘਟਨਾ ਸੂਬੇ ਦੀ ਰਾਜਧਾਨੀ ਦੇ ਖੋਹੇਫਿਜ਼ਾ ਇਲਾਕੇ ਵਿੱਚ ਸਥਿਤ ਸਕੂਲ ਵਿੱਚ ਸ਼ੁੱਕਰਵਾਰ ਨੂੰ ਹੋਈ ਤੇ ਪੀੜਤਾ ਦੇ ਮਾਤਾ-ਪਿਤਾ ਨੇ ਸ਼ਨਿਚਰਵਾਰ ਨੂੰ ਸ਼ਿਕਾਇਤ ਦਰਜ ਕਰਵਾਈ। ਪੁਲੀਸ ਮੁਤਾਬਕ ਪੀੜਤਾ ਸਕੂਲ ਦੀ ਵਿਦਿਆਰਥਣ ਬਾਥਰੂਮ ਗਈ ਸੀ ਅਤੇ ਉਥੇ ਇਕੱਲੀ ਦੇਖ ਕੇ ਮੁਲਜ਼ਮ ਨੇ ਉਸ ਨਾਲ ਬਲਾਤਕਾਰ ਕੀਤਾ। ਪੁਲਿਸ ਨੇ ਕਿਹਾ, ‘ਪੀੜਤਾ ਦੁਪਹਿਰ ਦੇ ਖਾਣੇ ਦੇ ਸਮੇਂ ਬਾਥਰੂਮ ਵਿੱਚ ਗਈ ਸੀ। ਮੁਲਜ਼ਮ ਨੇ ਲੜਕੀ ਨੂੰ ਇਕੱਲਾ ਦੇਖ ਉਸ ਨਾਲ ਬਲਾਤਕਾਰ ਕੀਤਾ। ਬਾਅਦ ਵਿੱਚ ਕੁਝ ਹੋਰ ਵਿਦਿਆਰਥੀਆਂ ਨੇ ਨਾਬਾਲਗ ਨੂੰ ਦਰਦ ਨਾਲ ਰੋਂਦੇ ਦੇਖਿਆ ਅਤੇ ਸਕੂਲ ਸਟਾਫ ਨੂੰ ਸੂਚਿਤ ਕੀਤਾ।’ ਪੀੜਤਾ ਨੇ ਅਧਿਆਪਕਾਂ ਨੂੰ ਦੱਸਿਆ ਕਿ ਪੀਲੀ ਟੀ-ਸ਼ਰਟ ਪਹਿਨੇ ਇੱਕ ਅੰਕਲ ਉਸ ਨੂੰ ਬਾਥਰੂਮ ਵਿੱਚ ਲੈ ਗਿਆ ਅਤੇ ਉਸ ਦੇ ਕੱਪੜੇ ਉਤਾਰਨ ਲਈ ਮਜਬੂਰ ਕੀਤਾ। ਸਕੂਲ ਸਟਾਫ਼ ਨੇ ਤੁਰੰਤ ਪੁਲੀਸ ਨੂੰ ਬੁਲਾਇਆ। ਬਾਅਦ ਵਿੱਚ ਪੀੜਤਾ ਦੇ ਮਾਪਿਆਂ ਨੇ ਖੋਹੇਫਿਜ਼ਾ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਦੱਸਿਆ ਕਿ ਪੀੜਤ ਨੇ ਪੁੱਛ ਪੜਤਾਲ ਦੌਰਾਨ ਮੁਲਜ਼ਮ (ਲਕਸ਼ਮੀਨਾਰਾਇਣ ਧਾਨਕ) ਦੀ ਪਛਾਣ ਕੀਤੀ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲੀਸ ਅਨੁਸਾਰ ਪੀੜਤਾ ਨੇ ਹਫ਼ਤਾ ਪਹਿਲਾਂ ਸਕੂਲ ਵਿੱਚ ਚੌਥੀ ਜਮਾਤ ਵਿੱਚ ਦਾਖ਼ਲਾ ਲਿਆ ਸੀ।