ਭੋਪਾਲ/ਨਿਵਾੜੀ, 15 ਜੂਨ
ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਆਗੂ ਉਮਾ ਭਾਰਤੀ ਨੇ ਪਾਰਟੀ ਸ਼ਾਸਤ ਮੱਧ ਪ੍ਰਦੇਸ਼ ਵਿੱਚ ਪੂਰਨ ਸ਼ਰਾਬਬੰਦੀ ਦੀ ਮੰਗ ਲਈ ਬੀਤੀ ਰਾਤ ਨੂੰ ਇੱਥੋਂ ਦੇ ਨਿਵਾੜੀ ਜ਼ਿਲ੍ਹੇ ਦੇ ਓਰਛਾ ਕਸਬੇ ਵਿੱਚ ਸ਼ਰਾਬ ਦੇ ਠੇਕੇ ਉੱਤੇ ਗਾਂ ਦਾ ਗੋਹਾ ਸੁੱਟ ਦਿੱਤਾ। ਘਟਨਾ ਤੋਂ ਬਾਅਦ ਉਮਾ ਭਾਰਤੀ ਨੇ ਟਵੀਟ ‘ਚ ਦਾਅਵਾ ਕੀਤਾ ਕਿ ਓਰਛਾ ਦੇ ਦਾਖਲਾ ਗੇਟ ‘ਤੇ ਸਥਿਤ ਇਹ ਠੇਕਾ ਇਸ ਜਗ੍ਹਾ ਲਈ ਮਨਜ਼ੂਰ ਨਹੀਂ ਹੈ ਪਰ ਇਹ ਕਿਸੇ ਦੂਰ-ਦੁਰਾਡੇ ਪਿੰਡ ਲਈ ਮਨਜ਼ੂਰ ਹੈ। ਪਵਿੱਤਰ ਸ਼ਹਿਰ ਓਰਛਾ ‘ਚ ਠੇਕਾ ਖੋਲ੍ਹਣਾ ਬਹੁਤ ਵੱਡਾ ਅਪਰਾਧ ਹੈ। ਪੁਲੀਸ ਦਾ ਕਹਿਣਾ ਹੈ ਕਿ ਇਹ ਠੇਕਾ ਉਸੇ ਥਾਂ ‘ਤੇ ਸਥਿਤ ਹੈ, ਜਿੱਥੇ ਇਸ ਨੂੰ ਮਨਜ਼ੂਰੀ ਦਿੱਤੀ ਗਈ ਹੈ।