ਭੋਪਾਲ/ਮੁਰੈਨਾ (ਮੱਧ ਪ੍ਰਦੇਸ਼), 11 ਜੁਲਾਈ
ਮੱਧ ਪ੍ਰਦੇਸ਼ ਦੇ ਮੁਰੈਨਾ ਜ਼ਿਲ੍ਹੇ ਵਿੱਚ ਅੱਠ ਸਾਲਾਂ ਦਾ ਲੜਕਾ ਆਪਣੇ ਛੋਟੇ ਭਰਾ ਦੀ ਲਾਸ਼ ਗੋਦ ਵਿੱਚ ਲੈ ਕੇ ਕਈ ਘੰਟਿਆਂ ਤੱਕ ਸਰਕਾਰੀ ਹਸਪਤਾਲ ਦੇ ਬਾਹਰ ਬੈਠਾ ਰਿਹਾ, ਜਦੋਂ ਕਿ ਬੱਚਿਆਂ ਦਾ ਪਿਤਾ ਮ੍ਰਿਤਕ ਬੱਚੇ ਨੂੰ ਘਰ ਲਿਜਾਣ ਲਈ ਐਂਬੂਲੈਂਸ ਦੀ ਭਾਲ ਕਰਦਾ ਰਿਹਾ। ਸਰਕਾਰ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਇਸ ਘਟਨਾ ਤੋਂ ਭੜਕੇ ਹੋਏ ਲੋਕਾਂ ਨੇ ਅਧਿਕਾਰੀਆਂ ’ਤੇ ਅਸੰਵੇਦਨਸ਼ੀਲ ਹੋਣ ਦੇ ਦੋਸ਼ ਲਾਏ। ਇਹ ਘਟਨਾ ਐਤਵਾਰ ਨੂੰ ਮੁਰੈਨਾ ਜ਼ਿਲ੍ਹਾ ਹਸਪਤਾਲ ਦੇ ਬਾਹਰ ਵਾਪਰੀ ਜਿੱਥੋਂ ਬੱਚੇ ਦੀ ਲਾਸ਼ ਨੂੰ ਕਰੀਬ 30 ਕਿਲੋਮੀਟਰ ਦੂਰ ਪਿੰਡ ਬੜਫਰਾ ਲਿਜਾਇਆ ਜਾਣਾ ਸੀ। ਇਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਭੋਪਾਲ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਸੂਬਾ ਸਰਕਾਰ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਲਿਆ ਹੈ। ਜ਼ਿਲ੍ਹਾ ਪੰਚਾਇਤ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਨੂੰ ਪੂਰੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਮੁਰੈਨਾ ਜ਼ਿਲ੍ਹਾ ਹਸਪਤਾਲ ਦੇ ਸਿਵਲ ਸਰਜਨ ਨੂੰ ਵੀ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਮੰਤਰੀ ਨੇ ਦੱਸਿਆ ਕਿ ਜਦੋਂ ਬੱਚੇ ਨੂੰ ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ ਤਾਂ ਉਸ ਦੀ ਹਾਲਤ ਨਾਜ਼ੁਕ ਸੀ। ਹਸਪਤਾਲ ਵਿੱਚ ਇਲਾਜ ਦੌਰਾਨ ਬੱਚੇ ਦੀ ਮੌਤ ਹੋ ਗਈ। ਉਨ੍ਹਾਂ ਦਾਅਵਾ ਕੀਤਾ ਕਿ ਜਦੋਂ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ ਤਾਂ ਉਸ ਦਾ ਪਿਤਾ ਲਾਸ਼ ਨੂੰ ਦੂਜੇ ਪੁੱਤਰ ਨੂੰ ਸੌਂਪ ਕੇ ਰਿਸ਼ਤੇਦਾਰ ਦੇ ਘਰ ਚਲਾ ਗਿਆ ਸੀ, ਪਰ ਫਿਰ ਵੀ ਸੂਬਾ ਸਰਕਾਰ ਨੇ ਇਸ ਘਟਨਾ ਨੂੰ ਗੰਭੀਰ ਮੰਨਿਆ। ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਵਿੱਚ ਬੱਚਾ ਜ਼ਿਲ੍ਹਾ ਹਸਪਤਾਲ ਦੀ ਚਾਰਦੀਵਾਰੀ ’ਤੇ ਆਪਣੇ ਦੋ ਸਾਲਾ ਭਰਾ ਦੀ ਚਿੱਟੇ ਕੱਪੜੇ ਨਾਲ ਢੱਕੀ ਲਾਸ਼ ਗੋਦੀ ਵਿੱਚ ਚੁੱਕੀ ਬੈਠਾ ਦਿਖਾਈ ਦੇ ਰਿਹਾ ਹੈ।