ਗੁਨਾ (ਮੱਧ ਪ੍ਰਦੇਸ਼), 22 ਸਤੰਬਰ
ਮੱਧ ਪ੍ਰਦੇਸ਼ ਦੇ ਗੁਨਾ ਜ਼ਿਲ੍ਹੇ ਵਿੱਚ ਇੱਕ ਸਰਕਾਰੀ ਸਕੂਲ ਦੀਆਂ ਲੜਕੀਆਂ ਵੱਲੋਂ ਪਖਾਨਾ ਸਾਫ਼ ਕਰਨ ਦੀਆਂ ਤਸਵੀਰਾਂ ਸਥਾਨਕ ਮੀਡੀਆ ਵਿੱਚ ਸਾਹਮਣੇ ਆਈਆਂ ਹਨ। ਇਹ ਘਟਨਾ ਮੰਗਲਵਾਰ ਦੀ ਦੱਸੀ ਜਾ ਰਹੀ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਮਾਮਲੇ ਉਦੋਂ ਸਾਹਮਣੇ ਆਇਆ ਜਦੋਂ ਗੁਨਾ ਜ਼ਿਲ੍ਹੇ ਦੇ ਪਿੰਡ ਚਕਦੇਵਪੁਰ ਵਿੱਚ ਪ੍ਰਮਾਇਰੀ ਅਤੇ ਮਿਡਲ ਸਕੂਲ ਦੀਆਂ ਵਰਦੀ ਪਹਿਨੀ ਵਿਦਿਆਰਥਣਾਂ ਦੀਆਂ ਪਖਾਨਾ ਸਾਫ਼ ਕਰਨ ਦੀਆਂ ਤਸਵੀਰਾਂ ਸਥਾਨਕ ਮੀਡੀਆ ਵਿੱਚ ਨਸ਼ਰ ਹੋਈਆਂ। ਮਾਮਲਾ ਸਾਹਮਣੇ ਆਉਣ ਮਗਰੋਂ ਪੰਚਾਇਤ ਮੰਤਰੀ ਮਹੇਂਦਰ ਸਿੰਘ ਸਿਸੋਦੀਆ ਨੇ ਗੁਨਾ ਦੇ ਜ਼ਿਲ੍ਹਾ ਕੁਲੈਕਟਰ ਨੂੰ ਮਾਮਲੇ ਦੇ ਜਾਂਚ ਦੇ ਹੁਕਮ ਅਤੇ ਦੋਸ਼ੀ ਪਾਏ ਜਾਣ ਵਾਲੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੇ ਹੁਕਮ ਦਿੱਤੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਤਸਵੀਰਾਂ ਵਿੱਚ ਦਿਖਾਈ ਦੇ ਰਹੀਆਂ ਵਿਦਿਆਰਥਣਾਂ ਪੰਜਵੀਂ ਤੇ ਛੇਵੀਂ ਕਲਾਸ ਦੀਆਂ ਹਨ। ਅਧਿਕਾਰੀ ਨੇ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਦੀ ਟੀਮ ਵੀ ਅੱਜ ਸਕੂਲ ਪਹੁੰਚੀ ਜਿਹੜੀ ਵੱਖਰੇ ਤੌਰ ’ਤੇ ਮਾਮਲੇ ਦੀ ਜਾਂਚ ਕਰੇਗੀ। ਸਿੱਖਿਆ ਵਿਭਾਗ ਦੇ ਡਿਪਟੀ ਡਾਇਰੈਕਟਰ ਚੰਦਰ ਸ਼ੇਖਰ ਸਿਸੋਦੀਆ ਨੇ ਦੱਸਿਆ, ‘‘ਅਸੀਂ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਅਤੇ ਜਾਂਚ ਕੀਤੀ ਜਾ ਰਹੀ ਹੈ। ਮਾਮਲੇ ’ਚ ਦੋਸ਼ੀ ਪਾਏ ਜਾਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।’’ ਪਿੰਡ ਚਕਦੇਵਪੁਰ ਵਿੱਚ ਉਕਤ ਪ੍ਰਾਇਮਰੀ ਅਤੇ ਮਿਡਲ ਸਕੂਲ ਇੱਕੋ ਹੀ ਕੰਪਲੈਕਸ ਵਿੱਚ ਰਹੇ ਹਨ। -ਪੀਟੀਆਈ