ਇੰਦੌਰ, 7 ਮਈ
ਮੱਧ ਪ੍ਰਦੇਸ਼ ਦੇ ਇੰਦੌਰ ਵਿਚ ਅੱਜ ਤੜਕੇ ਤਿੰਨ ਮੰਜ਼ਿਲਾ ਰਿਹਾਇਸ਼ੀ ਇਮਾਰਤ ਵਿਚ ਭਿਆਨਕ ਅੱਗ ਲੱਗਣ ਕਾਰਨ ਪਤੀ-ਪਤਨੀ ਸਣੇ 7 ਵਿਅਕਤੀਆਂ ਦੀ ਮੌਤ ਹੋ ਗਈ ਅਤੇ 9 ਹੋਰ ਜ਼ਖਮੀ ਹੋ ਗਏ। ਸ਼ਹਿਰ ਦੇ ਪੁਲੀਸ ਕਮਿਸ਼ਨਰ ਹਰੀਨਾਰਾਇਣਚਾਰੀ ਮਿਸ਼ਰਾ ਨੇ ਦੱਸਿਆ ਕਿ ਵਿਜੇ ਨਗਰ ਇਲਾਕੇ ਵਿੱਚ ਤੰਗ ਗਲੀ ਵਾਲੇ ਇਲਾਕੇ ਵਿੱਚ ਰਿਹਾਇਸ਼ੀ ਇਮਾਰਤ ਵਿੱਚ ਅੱਗ ਲੱਗਣ ਕਾਰਨ ਹੁਣ ਤੱਕ ਸੱਤ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਮੁੱਢਲੀ ਜਾਣਕਾਰੀ ਅਨੁਸਾਰ ਇਨ੍ਹਾਂ ਵਿੱਚੋਂ ਇੱਕ ਔਰਤ ਵੀ ਸ਼ਾਮਲ ਹੈ। ਇਮਾਰਤ ਦੀਆਂ ਤਿੰਨੋਂ ਮੰਜ਼ਿਲਾਂ ‘ਤੇ ਵੱਖਰੇ-ਵੱਖਰੇ ਫਲੈਟ ਸਨ, ਜਿਨ੍ਹਾਂ ‘ਚ ਲੋਕ ਕਿਰਾਏ ‘ਤੇ ਰਹਿੰਦੇ ਸਨ। ਚਸ਼ਮਦੀਦਾਂ ਮੁਤਾਬਕ ਇਮਾਰਤ ਵਿੱਚ ਅੱਗ ਤੋਂ ਸੁਰੱਖਿਆ ਦੇ ਲੋੜੀਂਦੇ ਪ੍ਰਬੰਧ ਨਹੀਂ ਸਨ। ਇਸ ਬਾਰੇ ਪੁੱਛੇ ਜਾਣ ‘ਤੇ ਕਮਿਸ਼ਨਰ ਨੇ ਕਿਹਾ ਕਿ ਇਮਾਰਤ ਦੇ ਮਾਲਕ ਵਿਰੁੱਧ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 304 ਤਹਿਤ ਐੱਫਆਈਆਰ ਦਰਜ ਕੀਤੀ ਜਾਵੇਗੀ।