ਲਖਨਊ, 24 ਮਈ
ਇੱਥੇ ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਨੇ ਪਿੰਡਾਂ ਵਿੱਚ ਕਰੋਨਾ ਮਾਮਲਿਆਂ ਦੇ ਲਗਾਤਾਰ ਹੋ ਰਹੇ ਵਾਧੇ ਖ਼ਿਲਾਫ਼ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਹੈ ਕਿ ਪੇਂਡੂ ਖੇਤਰਾਂ ’ਚ ਕਰੋਨਾਵਾਇਰਸ ਦੀ ਲਾਗ ਵੱਡੇ ਪੱਧਰ ’ਤੇ ਫੈਲਣ ਤੋਂ ਬਾਅਦ ਭਾਰਤ ਸੁਰਖੀਆਂ ਵਿੱਚ ਹੈ ਪਰ ਫਿਰ ਵੀ ਸਰਕਾਰਾਂ ਮਹਿਜ਼ ਕਰੋਨਾ ਖ਼ਿਲਾਫ਼ ਤਿਆਰੀ ਤੇ ਇਸ ਤੋਂ ਰਾਹਤ ਦਿਵਾਉਣ ਸਬੰਧੀ ਤਾਬੜਤੋੜ ਐਲਾਨਬਾਜ਼ੀ ਵਿੱਚ ਰੁੱਝੀਆਂ ਹੋਈਆਂ ਹਨ।
ਮਾਇਆਵਤੀ ਨੇ ਸੋਮਵਾਰ ਨੂੰ ਟਵੀਟ ਕੀਤਾ,‘‘ਸੁਵਿਧਾਵਾਂ ਤੋਂ ਸੱਖਣੇ ਪੇਂਡੂ ਖੇਤਰਾਂ ਵਿੱਚ ਕਰੋਨਾਵਾਇਰਸ ਦੀ ਲਾਗ ਵੱਡੇ ਪੱਧਰ ’ਤੇ ਫੈਲ ਚੁੱਕੀ ਹੈ ਤੇ ਭਾਰਤ ਸੁਰਖੀਆਂ ਵਿੱਚ ਆ ਚੁੱਕਾ ਹੈ, ਫਿਰ ਵੀ ਸਰਕਾਰਾਂ ਕਰੋਨਾ ਖ਼ਿਲਾਫ਼ ਤਿਆਰੀ ਤੇ ਇਸ ਤੋਂ ਰਾਹਤ ਦਿਵਾਉਣ ਸਬੰਧੀ ਤਾਬੜਤੋੜ ਐਲਾਨਬਾਜ਼ੀ ਇਸ ਤਰ੍ਹਾਂ ਕਰ ਰਹੀਆਂ ਹਨ ਜਿਵੇਂ ਚੋਣਾਂ ਦੇ ਵੇਲੇ ਹਵਾ-ਹਵਾਈ ਵਾਅਦੇ ਕੀਤੇ ਜਾਂਦੇ ਹਨ, ਜੋ ਕਿ ਬਹੁਤ ਦੁਖਦ ਹੈ!!’’ ਇੱਕ ਹੋਰ ਟਵੀਟ ਰਾਹੀਂ ਉਨ੍ਹਾਂ ਕਿਹਾ ‘‘ਜਦੋਂ ਕਿ ਜ਼ਰੂਰਤ ਹੈ ਕਿ ਉੱਤਰ ਪ੍ਰਦੇਸ਼ ਸਣੇ ਹੋਰਨਾਂ ਸੂਬਿਆਂ ਵਿੱਚ ਡਾਕਟਰਾਂ ਤੇ ਸਿਹਤ ਕਰਮੀਆਂ ਤੋਂ ਵਾਂਝੇ ਬੇਕਾਰ ਤੇ ਖਸਤਾ ਹਾਲਤ ਮੁੱਢਲੇ ਸਿਹਤ ਕੇਂਦਰਾਂ ਨੂੰ ਤੁਰੰਤ ਚਾਲੂ ਕੀਤਾ ਜਾਵੇ ਤਾਂ ਜੋ ਪਿੰਡਾਂ ਦੇ ਲੋੜਵੰਦ ਤੇ ਗਰੀਬ ਲੋਕਾਂ ਨੂੰ ਇਨ੍ਹਾਂ ਦੀਆਂ ਸਹੂਲਤਾਂ ਦਾ ਲਾਭ ਮਿਲ ਸਕੇ। -ਪੀਟੀਆਈ