ਮੁੁੰਬਈ: ਮਹਾਰਾਸ਼ਟਰ ਵਿਚ ਮਹਾਰਾਸ਼ਟਰ ਨਵਨਿਰਮਾਣ ਸੈਨਾ (ਐੱਮਐੱਨਐੱਸ) ਦੇ ਮੁਖੀ ਰਾਜ ਠਾਕਰੇ ਨੇ ਜਦੋਂ ਤੋਂ ਮਸਜਿਦਾਂ ਵਿਚ ਲਾਊਡਸਪੀਕਰਾਂ ਦਾ ਮੁੱਦਾ ਚੁੱਕਿਆ ਹੈ, ਸੂਬੇ ਵਿਚ ਵਿਵਾਦ ਵਧਦਾ ਜਾ ਰਿਹਾ ਹੈ। ਮਹਾਰਾਸ਼ਟਰ ਨਵਨਿਰਮਾਣ ਸੈਨਾ ਦੇ ਸੂਬਾ ਸਕੱਤਰ ਇਰਫਾਨ ਸ਼ੇਖ ਨੇ ਇਸ ਬਿਆਨ ਤੋਂ ਨਾਰਾਜ਼ ਹੋ ਕੇ ਪਾਰਟੀ ਛੱਡ ਦਿੱਤੀ ਹੈ। ਰਾਜ ਠਾਕਰੇ ਨੇ ਸਰਕਾਰ ਨੂੰ ਅਲਟੀਮੇਟਮ ਦਿੰਦਿਆਂ ਕਿਹਾ ਸੀ ਕਿ ਉਹ 3 ਮਈ ਤੋਂ ਪਹਿਲਾਂ ਸਾਰੀਆਂ ਮਸਜਿਦਾਂ ਦੇ ਲਾਊਡਸਪੀਕਰ ਹਟਾ ਲੈਣ, ਨਹੀਂ ਤਾਂ ਪਾਰਟੀ ਦੇ ਕਾਰਕੁਨ ਮਸਜਿਦਾਂ ਵਿਚ ਜਾ ਕੇ ਲਾਊਡਸਪੀਕਰਾਂ ਤੇ ਹਨੂਮਾਨ ਚਾਲੀਸਾ ਚਲਾਉਣਗੇ। ਇਸੇ ਦੌਰਾਨ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਦਿਲੀਪ ਵਾਲਸੇ ਪਾਟਿਲ ਨੇ ਰਾਜ ਠਾਕਰੇ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਸਰਕਾਰ ਨੇ ਐੱਮਐੱਨਐੱਸ ਦੇ ਮੁਖੀ ਰਾਜ ਠਾਕਰੇ ਦੇ ਬਿਆਨ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਉਹ ਰਾਜ ਵਿੱਚ ਕਿਸੇ ਨੂੰ ਵੀ ਮਾਹੌਲ ਖਰਾਬ ਨਹੀਂ ਕਰਨ ਦੇਣਗੇ। ਉਨ੍ਹਾਂ ਕਿਹਾ ਕਿ ਸੂਬੇ ਦੀ ਪੁਲੀਸ ਹਨੂੰਮਾਨ ਜੈਅੰਤੀ ਦੇ ਆਉਣ ਵਾਲੇ ਸਮਾਗਮਾਂ ਲਈ ਤਿਆਰ ਹੈ। -ਪੀਟੀਆਈ