ਨਵੀਂ ਦਿੱਲੀ, 9 ਅਗਸਤ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਮੁਬਾਰਕਾਂ ਵਾਲੀਆਂ ਫੋਨ ਕਾਲਾਂ ਦੀਆਂ ਵੀਡੀਓਜ਼ ਬਹੁਤ ਹੋ ਗਈਆਂ, ਹੁਣ ਖਿਡਾਰੀਆਂ ਨੂੰ ਵਾਅਦੇ ਮੁਤਾਬਕ ਇਨਾਮ ਦਿੱਤੇ ਜਾਣ। ਕਾਂਗਰਸ ਆਗੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸੇਧ ਰਹੇ ਸਨ। ਇਕ ਸੋਸ਼ਲ ਮੀਡੀਆ ਪੋਸਟ ਵਿਚ ਰਾਹੁਲ ਨੇ ਉਨ੍ਹਾਂ ਮੀਡੀਆ ਰਿਪੋਰਟਾਂ ਦੇ ਸਕਰੀਨਸ਼ਾਟ ਸਾਂਝੇ ਕੀਤੇ ਹਨ ਜਿਨ੍ਹਾਂ ਵਿਚ ਦਾਅਵਾ ਕੀਤਾ ਗਿਆ ਹੈ ਕਿ ਹਰਿਆਣਾ ਵਿਚ ਇਸ ਤੋਂ ਪਹਿਲਾਂ ਐਲਾਨੀ ਗਈ ਇਨਾਮੀ ਰਾਸ਼ੀ ਖਿਡਾਰੀਆਂ ਨੂੰ ਮਿਲੀ ਹੀ ਨਹੀਂ ਹੈ। ਗਾਂਧੀ ਨੇ 2019 ਦੇ ਟਵੀਟਾਂ ਦਾ ਸਕਰੀਨਸ਼ਾਟ ਵੀ ਸ਼ੇਅਰ ਕੀਤਾ ਜਿਸ ਵਿਚ ਜੈਵਲਿਨ ਥਰੋਅਰ ਨੀਰਜ ਚੋਪੜਾ ਤੇ ਪਹਿਲਵਾਨ ਬਜਰੰਗ ਪੂਨੀਆ ਮੰਤਰੀਆਂ ਤੇ ਵਿਭਾਗਾਂ ਨੂੰ ਉਨ੍ਹਾਂ ਲਈ ਐਲਾਨੇ ਗਏ ਇਨਾਮ ਦੇਣ ਦੀ ਬੇਨਤੀ ਕਰ ਰਹੇ ਹਨ। ਇਹ ਇਨਾਮੀ ਰਾਸ਼ੀ ਦੇਣ ਦਾ ਵਾਅਦਾ ਹੋਰਨਾਂ ਮੁਕਾਬਲਿਆਂ ਵਿਚ ਜਿੱਤੇ ਗਏ ਤਗ਼ਮਿਆਂ ਲਈ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਟੋਕੀਓ ਉਲੰਪਿਕ ਵਿਚ ਨੀਰਜ ਤੇ ਬਜਰੰਗ ਨੇ ਤਗ਼ਮੇ ਜਿੱਤੇ ਹਨ। ਰਾਹੁਲ ਨੇ ਕਿਹਾ ਕਿ ਖਿਡਾਰੀਆਂ ਨੂੰ ਵਧਾਈਆਂ ਦੇ ਨਾਲ-ਨਾਲ ਉਨ੍ਹਾਂ ਦਾ ਬਣਦਾ ਸਨਮਾਨ ਮਿਲਣਾ ਚਾਹੀਦਾ ਹੈ, ਖੇਡ ਬਜਟ ਵਿਚ ਕਟੌਤੀ ਨਹੀਂ। -ਪੀਟੀਆਈ