ਮੁੰਬਈ, 29 ਜੂਨ
ਮੌਜੂਦਾ ਵਰ੍ਹੇ ਦੇ ਪਹਿਲੇ ਛੇ ਮਹੀਨਿਆਂ ਦੌਰਾਨ ਮਨੀਪੁਰ ਅਤੇ ਪੰਜਾਬ ਸਮੇਤ ਹੋਰ ਥਾਵਾਂ ‘ਤੇ ਇੰਟਰਨੈੱਟ ਬੰਦ ਹੋਣ ਕਾਰਨ ਭਾਰਤੀ ਅਰਥਚਾਰੇ ਨੂੰ ਅੰਦਾਜ਼ਨ 1.9 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ। ‘ਨੈੱਟਲਾਸ’ ਨੇ ਆਪਣੀ ਰਿਪੋਰਟ ‘ਚ ਇਹ ਖ਼ੁਲਾਸਾ ਕੀਤਾ ਹੈ। ਰਿਪੋਰਟ ਮੁਤਾਬਕ ਇੰਟਰਨੈੱਟ ਠੱਪ ਹੋਣ ਕਾਰਨ ਵਿਦੇਸ਼ੀ ਨਿਵੇਸ਼ ਵਿੱਚ ਲਗਭਗ 11.8 ਕਰੋੜ ਡਾਲਰ ਦਾ ਨੁਕਸਾਨ ਹੋਇਆ ਅਤੇ 21 ਹਜ਼ਾਰ ਤੋਂ ਜ਼ਿਆਦਾ ਨੌਕਰੀਆਂ ਖੁੱਸ ਗਈਆਂ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਸਰਕਾਰਾਂ ਅਕਸਰ ਭੁੱਲ ਕਰ ਬੈਠਦੀਆਂ ਹਨ ਕਿ ਇੰਟਰਨੈੱਟ ਬੰਦ ਕਰਨ ਨਾਲ ਅਸ਼ਾਂਤੀ ਦੇ ਮਾਹੌਲ ਨੂੰ ਠੱਲ੍ਹ ਪਵੇਗੀ, ਕੂੜ ਪ੍ਰਚਾਰ ਫੈਲਣ ਤੋਂ ਬਚਾਅ ਹੋਵੇਗਾ ਅਤੇ ਸਾਈਬਰ ਸੁਰੱਖਿਆ ਦੇ ਖ਼ਤਰਿਆਂ ਤੋਂ ਨੁਕਸਾਨ ਘਟਾਉਣ ‘ਚ ਸਹਾਇਤਾ ਮਿਲੇਗੀ ਪਰ ਉਹ ਇਹ ਨਹੀਂ ਸਮਝਦੀਆਂ ਕਿ ਇਸ ਨਾਲ ਆਰਥਿਕ ਗਤੀਵਿਧੀਆਂ ਨੂੰ ਭਾਰੀ ਨੁਕਸਾਨ ਹੁੰਦਾ ਹੈ। ਰਿਪੋਰਟ ਅਨੁਸਾਰ ਸ਼ਾਂਤੀ ਬਣਾਈ ਰੱਖਣ ਲਈ ਇੱਕ ਸਾਧਨ ਵਜੋਂ ਭਾਰਤ ਵੱਲੋਂ ਇੰਟਰਨੈੱਟ ਬੰਦ ਕਰਨ ਦੀ ਨਿਯਮਤ ਵਰਤੋਂ ਕਾਰਨ ਮੁਲਕ ‘ਚ ਮੌਜੂਦਾ ਵਰ੍ਹੇ ਹੁਣ ਤੱਕ 16 ਪ੍ਰਤੀਸ਼ਤ ਬੰਦ ਹੋਣ ਦਾ ਜ਼ੋਖਮ ਹੈ, ਜੋ 2023 ਤੱਕ ਦੁਨੀਆ ਵਿੱਚ ਸਭ ਤੋਂ ਵੱਧ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਸ਼ੱਟਡਾਊਨ ਈ-ਕਾਮਰਸ ਨੂੰ ਰੋਕਦਾ ਹੈ, ਲੈਣ-ਦੇਣ ਵਿੱਚ ਨੁਕਸਾਨ ਪੈਦਾ ਕਰਦਾ ਹੈ, ਬੇਰੁਜ਼ਗਾਰੀ ਵਧਾਉਂਦਾ ਹੈ, ਵਪਾਰ-ਗਾਹਕ ਸੰਚਾਰ ਵਿੱਚ ਵਿਘਨ ਪਾਉਂਦਾ ਹੈ ਅਤੇ ਕੰਪਨੀਆਂ ਲਈ ਵਿੱਤੀ ਅਤੇ ਵੱਕਾਰ ਦੇ ਜ਼ੋਖਮ ਪੈਦਾ ਕਰਦਾ ਹੈ। ਇੰਟਰਨੈੱਟ ਸੁਸਾਇਟੀ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਐਂਡਰਿਊ ਸੁਲੀਵਨ ਨੇ ਕਿਹਾ ਕਿ ਇੰਟਰਨੈੱਟ ਬੰਦ ਹੋਣ ਦਾ ਵਰਤਾਰਾ ਵਿਸ਼ਵਵਿਆਪੀ ਹੈ ਅਤੇ ਸਰਕਾਰਾਂ ਇਸ ਦੇ ਸਿੱਟਿਆਂ ਨੂੰ ਅਣਗੌਲਿਆ ਕਰ ਰਹੀਆਂ ਹਨ। -ਪੀਟੀਆਈ