ਨਵੀਂ ਦਿੱਲੀ, 28 ਨਵੰਬਰ
ਸੀਬੀਆਈ ਨੇ ਲੋਕ ਸਭਾ ਦੇ ਸਾਬਕਾ ਸੰਸਦ ਮੈਂਬਰ ਤੇ ਇਸ ਵੇਲੇ ਜੇਲ੍ਹ ਵਿੱਚ ਬੰਦ ਅਤੀਕ ਅਹਿਮਦ ਦੇ ਪੁੱਤਰ ਮੁਹੰਮਦ ਉਮਰ ਖ਼ਿਲਾਫ਼ ਅਗਵਾ ਕੇਸ ’ਚ ਕਥਿਤ ਸ਼ਮੂਲੀਅਤ ਲਈ ਲੁਕਆਊਟ ਨੋਟਿਸ ਜਾਰੀ ਕੀਤਾ ਹੈ। ਉਮਰ ’ਤੇ ਦਸੰਬਰ 2018 ਵਿੱਚ ਜਬਰੀ ਵਸੂਲੀ ਤੇ ਰੀਅਲ ਅਸਟੇਟ ਕਾਰੋਬਾਰੀ ’ਤੇ ਹਮਲੇ ਦਾ ਦੋਸ਼ ਹੈ। ਵਿਸ਼ੇਸ਼ ਸੀਬੀਆਈ ਕੋਰਟ ਨੇ ਸੰਮਨਾਂ ਦਾ ਜਵਾਬ ਨਾ ਦੇਣ ਤੇ ਪੇਸ਼ ਹੋਣ ਵਿੱਚ ਨਾਕਾਮ ਰਹਿਣ ਮਗਰੋਂ ਇਸ ਕੇਸ ਵਿੱਚ 24 ਨਵੰਬਰ ਨੂੰ ਉਮਰ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਸੀ। ਇਸ ਕੇਸ ਵਿੱਚ ਦਰਜ ਐੱਫਆਈਆਰ ਮੁਤਾਬਕ ਉਮਰ ਨੇ ਰੀਅਲ ਅਸਟੇਟ ਕਾਰੋਬਾਰੀ ਮੋਹਿਤ ਜੈਸਵਾਲ ਨੂੰ ਕਥਿਤ ਤੌਰ ’ਤੇ ਅਗਵਾ ਕੀਤਾ ਤੇ ਦਿਓਰੀਆ ਲਿਜਾ ਕੇ ਇਕ ਖਰੀਦ ਕਰਾਰ ਨੂੰ ਸਿਰੇ ਚਾੜ੍ਹਨ ਲਈ ਦਬਾਅ ਬਣਾਇਆ। ਸੁਪਰੀਮ ਕੋਰਟ ਨੇ ਮਗਰੋਂ ਇਹ ਕੇਸ ਸੀਬੀਆਈ ਨੂੰ ਤਬਦੀਲ ਕਰ ਦਿੱਤਾ ਸੀ। -ਆਈਏਐੱਨਐੱਸ