ਨਵੀਂ ਦਿੱਲੀ, 28 ਜੁਲਾਈ
ਲੋਕ ਸਭਾ ’ਚ ਬੁੱਧਵਾਰ ਨੂੰ ਸੰਸਦ ਦੇ ਮੌਜੂਦਾ ਇਜਲਾਸ ਦੌਰਾਨ ਪ੍ਰਸ਼ਨਕਾਲ ਬਿਨਾਂ ਕਿਸੇ ਅੜਿੱਕੇ ਦੇ ਸਿਰੇ ਚੜ੍ਹਿਆ। ਸਦਨ ਦੀ ਕਾਰਵਾਈ ਅੱਜ ਜਿਵੇਂ ਹੀ ਸ਼ੁਰੂ ਹੋਈ ਤਾਂ ਵਿਰੋਧੀ ਧਿਰ ਦੇ ਮੈਂਬਰ ਸਪੀਕਰ ਦੇ ਆਸਣ ਸਾਹਮਣੇ ਆ ਗਏ ਅਤੇ ਵੱਖ ਵੱਖ ਮੁੱਦਿਆਂ ’ਤੇ ਚਰਚਾ ਦੀ ਮੰਗ ਕੀਤੀ। ਇਹ ਮੈਂਬਰ ਪ੍ਰਸ਼ਨਕਾਲ ਦੌਰਾਨ ਪੈਗਾਸਸ ਸਪਾਈਵੇਅਰ ਵਿਵਾਦ ਅਤੇ ਤਿੰਨੋਂ ਖੇਤੀ ਕਾਨੂੰਨ ਰੱਦ ਕਰਾਉਣ ਬਾਰੇ ਬਹਿਸ ਕਰਨਾ ਚਾਹੁੰਦੇ ਸਨ। ਸਪੀਕਰ ਓਮ ਬਿਰਲਾ ਨੇ ਹੰਗਾਮੇ ਦੌਰਾਨ ਵੀ ਪ੍ਰਸ਼ਨਕਾਲ ਜਾਰੀ ਰੱਖਿਆ।
ਇਸ ਦੌਰਾਨ ਵੱਖ ਵੱਖ ਮੰਤਰਾਲਿਆਂ ਨਾਲ ਸਬੰਧਤ 10 ਤੋਂ ਜ਼ਿਆਦਾ ਸਵਾਲ ਅਤੇ ਅਤੇ ਸਪਲੀਮੈਂਟਰੀ ਸਵਾਲ ਪੁੱਛੇ ਗਏ। ਮੌਨਸੂਨ ਇਜਲਾਸ 19 ਜੁਲਾਈ ਤੋਂ ਸ਼ੁਰੂ ਹੋਇਆ ਹੈ ਅਤੇ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਵਾਰ ਵਾਰ ਸਦਨ ਦੀ ਕਾਰਵਾਈ ਠੱਪ ਕਰਨੀ ਪੈ ਰਹੀ ਸੀ। ਮੰਗਲਵਾਰ ਨੂੰ ਲੋਕ ਸਭਾ ਦੀ ਕਾਰਵਾਈ 9 ਵਾਰ ਮੁਲਤਵੀ ਕਰਨੀ ਪਈ ਸੀ। -ਪੀਟੀਆਈ