ਮੁੰਬਈ, 22 ਫਰਵਰੀ
ਦਾਦਰਾ ਅਤੇ ਨਗਰ ਹਵੇਲੀ ਤੋਂ ਸੱਤ ਵਾਰ ਲੋਕ ਸਭਾ ਮੈਂਬਰ ਰਹੇ ਮੋਹਨ ਡੇਲਕਰ (58) ਅੱਜ ਮੁੰਬਈ ਦੇ ਹੋਟਲ ’ਚ ਮ੍ਰਿਤਕ ਮਿਲੇ। ਪੁਲੀਸ ਨੇ ਦੱਸਿਆ ਕਿ ਡੇਲਕਰ ਦੀ ਦੇਹ ਦੱਖਣੀ ਮੁੰਬਈ ਦੇ ਮੈਰੀਨ ਡਰਾਈਵ ਏਰੀਆ ’ਚ ਪੈਂਦੇ ਹੋਟਲ ’ਚੋਂ ਮਿਲੀ ਹੈ। ਲਾਸ਼ ਕੋਲੋਂ ਗੁਜਰਾਤੀ ’ਚ ਲਿਖਿਆ ਖੁਦਕੁਸ਼ੀ ਨੋਟ ਵੀ ਮਿਲਿਆ ਹੈ। ਪੁਲੀਸ ਵੱਲੋਂ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਡੇਲਕਰ ਪਰਸੋਨਲ, ਕਾਨੂੰਨ ਤੇ ਨਿਆਂ ਬਾਰੇ ਸਟੈਂਡਿੰਗ ਕਮੇਟੀ ਅਤੇ ਗ੍ਰਹਿ ਮਾਮਲਿਆਂ ਦੀ ਸਲਾਹਕਾਰ ਕਮੇਟੀ ਦੇ ਮੈਂਬਰ ਵੀ ਸਨ। ਆਦਿਵਾਸੀਆਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਡੇਲਕਰ ਨੇ ਟਰੇਡ ਯੂਨੀਅਨ ਆਗੂ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ ਸੀ ਅਤੇ ਉਹ ਪਹਿਲੀ ਵਾਰ 1989 ’ਚ ਕਾਂਗਰਸ ਦੀ ਟਿਕਟ ’ਤੇ ਲੋਕ ਸਭਾ ਲਈ ਚੁਣੇ ਗਏ ਸਨ। -ਪੀਟੀਆਈ