ਨਵੀਂ ਦਿੱਲੀ, 20 ਅਪਰੈਲ
ਕਰੋਨਾ ਮਹਾਮਾਰੀ ਦੇ ਫ਼ੈਲਾਅ ਦੇ ਰੋਕਥਾਮ ਦੇ ਯਤਨਾਂ ਤਹਿਤ ਕੌਮੀ ਰਾਜਧਾਨੀ ਦਿੱਲੀ ਵਿੱਚ ਕੀਤੀ ਇੱਕ ਹਫ਼ਤੇ ਦੇ ਤਾਲਾਬੰਦੀ ਦੇ ਮੱਦੇਨਜ਼ਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇੇਐੱਨਯੂ) ਨੇ ਸਖ਼ਤ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਯੂਨੀਵਰਸਿਟੀ ਵਿੱਚ ਕਈ ਪਾਬੰਦੀਆਂ ਲਾਈਆਂ ਹਨ। ਜੇਐੱਨਯੂ ਨੇ ਸੋਮਵਾਰ ਨੂੰ ਜਾਰੀ ਆਦੇਸ਼ ਵਿੱਚ ਕਿਹਾ ਹੈ ਕਿ ਸਾਰੇ ਢਾਬਿਆਂ ਅਤੇ ਖਾਣ ਪੀਣ ਵਾਲੀਆਂ ਥਾਵਾਂ ’ਤੇ ਗਾਹਕਾਂ ਦਾ ਆਉਣਾ ਜਾਣਾ ਬੰਦ ਰਹੇਗਾ ਜਦੋਂਕਿ ਖਾਧ ਪਦਾਰਥਾਂ ਨੂੰ ਪਹੁੰਚਾਉਣ ਦੀ ਸੇਵਾ ਚੱਲਦੀ ਰਹੇਗੀ। ਯੂਨੀਵਰਸਿਟੀ ਵਿੱਚ ਘਰੇਲੂ ਨੌਕਰ, ਡਰਾਈਵਰ, ਮਾਲੀ ਅਤੇ ਕਾਰ ਧੋਣ ਵਾਲਿਆਂ ਦੀ ਆਵਾਜਾਈ ਬੰਦ ਰਹੇਗੀ ਅਤੇ ਕਿਸੇ ਹੋਰ ਦੇ ਘਰ ਜਾਂ ਹੋਰ ਹੋਸਟਲ ਵਿੱਚ ਜਾਣ ’ਤੇ ਮਨਾਹੀ ਹੋਵੇਗੀ। ਕਰਫ਼ਿਊ ਦੌਰਾਨ ’ਵਰਸਿਟੀ ਵਿੱਚ ਆਵਾਜਾਈ ’ਤੇ ਪਾਬੰਦੀ ਰਹੇਗੀ। ਭੀੜ ਇਕੱਠੀ ਕਰਨ, ਸੰਮੇਲਨ ਕਰਨ, ਸਟੇਡੀਅਮ ਤੇ ਸੜਕਾਂ ’ਤੇ ਸੈਰ ਆਦਿ ਕਰਨ ਦੀ ਮਨਾਹੀ ਰਹੇਗੀ। ਕੇਂਦਰੀ ਲਾਇਬਰੇਰੀ ਨੂੰ ਵੀ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਐਮਰਜੈਂਸੀ ਅਤੇ ਜ਼ਰੂਰੀ ਸੇਵਾਵਾਂ ਵਿੱਚ ਜੁੜੇ ਲੋਕ ਸਾਮਾਨ ਇੱਧਰ ਉਧਰ ਲਿਜਾ ਸਕਣਗੇ। -ਪੀਟੀਆਈ