ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 19 ਅਪਰੈਲ
ਦਿੱਲੀ ਸਰਕਾਰ ਵੱਲੋਂ ਪਹਿਲਾਂ ਦੋ ਦਿਨ ਲਈ ਕਰਫਿਊ ਤੇ ਅੱਜ 6 ਦਿਨਾਂ ਲਈ ਲੌਕਡਾਊਨ ਲਾਉਣ ਦੇ ਐਲਾਨ ਨਾਲ ਹੀ ਦਿੱਲੀ ਦੇ ਰੇਲਵੇ ਸਟੇਸ਼ਨਾਂ ਤੇ ਬੱਸ ਅੱਡਿਆਂ ਉੱਪਰ ਆਪਣੇ ਜੱਦੀ ਇਲਾਕਿਆਂ ਨੂੰ ਜਾਣ ਵਾਲਿਆਂ ਦੀ ਭੀੜ ਅਚਾਨਕ ਵੱਧ ਗਈ ਹਾਲਾਂਕਿ ਬੀਤੇ ਹਫ਼ਤੇ ਤੋਂ ਹੀ ਦਿੱਲੀ ਵਿੱਚੋਂ ਹੋਰ ਸੂਬਿਆਂ ਨੂੰ ਜਾ ਵਾਲਿਆਂ ਦੀ ਤਦਾਦ ਆਮ ਦਿਨਾਂ ਨਾਲੋਂ ਵੱਧ ਗਈ ਤੇ ਅੱਜ ਇਹ ਹੋਰ ਵੀ ਜ਼ਿਆਦਾ ਹੋ ਗਈ। ਦਿੱਲੀ ਦੇ ਆਨੰਦ ਵਿਹਾਰ, ਸਰਾਏ ਕਾਲੇ ਖ਼ਾਂ ਤੇ ਮਹਾਰਾਣਾ ਪ੍ਰਤਾਪ ਅੰਤਰਰਾਜੀ ਬੱਸ ਟਰਮੀਨਲ (ਆਈਐੱਸਬੀਟੀ) ’ਤੇ ਹੋਰ ਰਾਜਾਂ ਨੂੰ ਜਾਣ ਲਈ ਸਵਾਰੀਆਂ ਬੱਸਾਂ ਦਾ ਇੰਤਜ਼ਾਰ ਕਰਦੀਆਂ ਦੇਖੀਆਂ ਗਈਆਂ। ਨਵੀਂ ਦਿੱਲੀ, ਪੁਰਾਣੀ ਦਿੱਲੀ, ਸਰਾਏ ਰੋਹਿਲਾ ਤੇ ਆਨੰਦ ਵਿਹਾਰ ਦੇ ਰੇਲਵੇ ਸਟੇਸ਼ਨਾਂ ਉੱਪਰ ਵੀ ਅੱਜ ਪਰਵਾਸੀ ਮਜ਼ਦੂਰ ਆਮ ਦਿਨਾਂ ਨਾਲੋਂ ਵੱਧ ਨਜ਼ਰ ਆਏ। ਬੀਤੇ ਸਾਲ ਮਾਰਚ ਦੇ ਆਖ਼ੀਰ ਤੇ ਅਪਰੈਲ ਦੇ ਸ਼ੁਰੂ ’ਚ ਲੌਕਡਾਊਨ ਮਗਰੋਂ ਦਿੱਲੀ ਦੇ ਉਕਤ ਸਟੇਸ਼ਨਾਂ ਤੇ ਬੱਸ ਅੱਡਿਆਂ ਉੱਪਰ ਹਜ਼ਾਰਾਂ ਮਜ਼ਦੂਰਾਂ ਤੇ ਪਰਵਾਸੀਆਂ ਦੀਆਂ ਕਤਾਰਾਂ ਲੱਗ ਗਈਆਂ ਸਨ। ਉਨ੍ਹਾਂ ਨੂੰ ਫਿਕਰ ਹੈ ਕਿ ਲੌਕਡਾਊਨ ਲੰਬਾ ਹੋ ਗਿਆ ਤਾਂ ਪਿਛਲੇ ਸਾਲ ਵਾਂਗ ਹਾਲਤ ਬਣ ਸਕਦੀ ਹੈ।
ਸ਼ਹਿਰ ਨਾ ਛੱਡੋ, ਇੱਥੇ ਹੀ ਰਹੋ: ਕੇਜਰੀਵਾਲ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਰਵਾਸੀਆਂ ਨੂੰ ਹੱਥ ਜੋੜ ਕੇ ਅਪੀਲ ਕੀਤੀ, ‘ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਸ਼ਹਿਰ ਨਾ ਛੱਡੋ, ਇਹ 6 ਦਿਨਾਂ ਦੀ ਛੋਟੀ ਜਿਹੀ ਤਾਲਾਬੰਦੀ ਹੈ ਤੇ ਇਹ ਦਿਨ ਤੁਹਾਡੇ ਸਫ਼ਰ ਵਿੱਚ ਹੀ ਖਰਾਬ ਹੋਣਗੇ। ਇੱਥੇ ਹੀ ਰਹੋ, ਦਿੱਲੀ ਸਰਕਾਰ ਤੁਹਾਡਾ ਖ਼ਿਆਲ ਰੱਖੇਗੀ।’ ਕੇਜਰੀਵਾਲ ਨੇ ਉਨ੍ਹਾਂ ਭਰੋਸਾ ਦੁਆਇਆ, ‘ਮੈਂ ਇੱਥੇ ਹਾਂ, ਮੇਰੇ ‘ਤੇ ਭਰੋਸਾ ਕਰੋ।’ ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਲੌਕਡਾਊਨ ਦੇ ਖ਼ਿਲਾਫ਼ ਹਨ। ਉਨ੍ਹਾਂ ਕਿਹਾ, ‘ਮੈਨੂੰ ਲੱਗਦਾ ਹੈ ਕਿ ਤਾਲਾਬੰਦੀ ਕਰੋਨਾ ਖਤਮ ਨਹੀਂ ਕਰੇਗੀ ਪਰ ਇਸ ਨੂੰ ਫੈਲਣ ਤੋਂ ਰੋਕ ਦੇਵੇਗੀ।’