ਔਰੰਗਾਬਾਦ, 7 ਮਈ
ਕਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ ਦੇ ਮੱਦੇਨਜ਼ਰ ਮਹਾਰਾਸ਼ਟਰ ਦੇ ਲਾਤੂਰ ਜ਼ਿਲ੍ਹੇ ਵਿੱਚ ਭਲਕੇ 8 ਮਈ ਤੋਂ ਅਗਲੇ ਛੇ ਦਿਨਾਂ ਲੌਕਡਾਊਨ ਲਾਉਣ ਦਾ ਫੈਸਲਾ ਕੀਤਾ ਗਿਆ ਹੈ। ਲੌਕਡਾਊਨ ਸ਼ਨਿੱਚਰਵਾਰ ਸਵੇਰੇ 7 ਵਜੇ ਤੋਂ ਅਮਲ ਵਿੱਚ ਆ ਜਾਵੇਗਾ। ਇਕ ਅਧਿਕਾਰੀ ਨੇ ਕਿਹਾ, ‘‘ਕਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਪ੍ਰਸ਼ਾਸਨ ਨੇ ਲਾਤੂਰ ਜ਼ਿਲ੍ਹੇ ਵਿੱਚ ਸਖ਼ਤ ਤਾਲਾਬੰਦੀ ਲਾਉਣ ਦਾ ਫੈਸਲਾ ਕੀਤਾ ਹੈ, ਜੋ 13 ਮਈ ਤੱਕ ਜਾਰੀ ਰਹੇਗੀ।’ ਲਾਤੂਰ ਜ਼ਿਲ੍ਹੇ ਵਿੱਚ ਅੱਜ ਕੋਵਿਡ-19 ਦੇ 1195 ਸੱਜਰੇ ਕੇਸ ਰਿਪੋਰਟ ਹੋਏ ਹਨ, ਜਿਸ ਨਾਲ ਕੁਲ ਕੇਸਾਂ ਦੀ ਗਿਣਤੀ ਵਧ ਕੇ 78,090 ਹੋ ਗਈ ਹੈ। ਹੁਣ ਤੱਕ 1467 ਮਰੀਜ਼ ਕਰੋਨਾ ਦੀ ਲਾਗ ਕਰਕੇ ਮੌਤ ਦੇ ਮੂੰਹ ਜਾ ਪਏ ਹਨ। ਲਾਤੂਰ ਜ਼ਿਲ੍ਹੇ ਵਿੱਚ ਕੋਵਿਡ-19 ਦੇ ਸਰਗਰਮ ਕੇਸਾਂ ਦੀ ਗਿਣਤੀ 11,608 ਹੈ। -ਪੀਟੀਆਈ