ਨਵੀਂ ਦਿੱਲੀ, 14 ਸਤੰਬਰ
ਲੋਕ ਜਨਸ਼ਕਤੀ ਪਾਰਟੀ ਦੇ ਸੰਸਦ ਮੈਂਬਰ ਪ੍ਰਿੰਸ ਰਾਜ ’ਤੇ ਜਬਰ-ਜਨਾਹ ਦੇ ਦੋਸ਼ਾਂ ਹੇਠ ਕੇਸ ਦਰਜ ਕੀਤਾ ਗਿਆ ਹੈ। ਕੇਸ ਅਦਾਲਤ ਦੇ ਹੁਕਮਾਂ ਉਤੇ ਦਰਜ ਹੋਇਆ ਹੈ। ਕਥਿਤ ਪੀੜਤਾ ਨੇ ਸ਼ਿਕਾਇਤ ਤਿੰਨ ਮਹੀਨੇ ਪਹਿਲਾਂ ਦਿੱਤੀ ਸੀ ਜੋ ਕਿ ਪਾਰਟੀ ਵਰਕਰ ਵੀ ਹੈ। ਸੰਸਦ ਮੈਂਬਰ ਖ਼ਿਲਾਫ਼ ਦਰਜ ਕੇਸ ਵਿਚ ਜਬਰ-ਜਨਾਹ, ਅਪਰਾਧਕ ਸਾਜ਼ਿਸ਼ ਤੇ ਸਬੂਤ ਮਿਟਾਉਣ ਦੀਆਂ ਧਾਰਾਵਾਂ ਲਾਈਆਂ ਗਈਆਂ ਹਨ। ਕੇਸ ਦਰਜ ਹੋਣ ਮਗਰੋਂ ਪ੍ਰਿੰਸ ਨੇ ਅੱਜ ਦਿੱਲੀ ਦੀ ਅਦਾਲਤ ਵਿਚ ਅਰਜ਼ੀ ਦਾਇਰ ਕਰ ਕੇ ਗ੍ਰਿਫ਼ਤਾਰੀ ਤੋਂ ਰਾਹਤ ਮੰਗ ਲਈ ਹੈ। ਸੰਸਦ ਮੈਂਬਰ ਦੀ ਅਰਜ਼ੀ ਉਤੇ ਸੁਣਵਾਈ ਵੀਰਵਾਰ ਨੂੰ ਹੋਵੇਗੀ। ਜ਼ਿਕਰਯੋਗ ਹੈ ਕਿ ਰਾਜ ਬਿਹਾਰ ਦੇ ਸਮਸਤੀਪੁਰ ਤੋਂ ਸੰਸਦ ਮੈਂਬਰ ਹਨ। ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਕਥਿਤ ਜਬਰ-ਜਨਾਹ 2020 ਵਿਚ ਹੋਇਆ ਸੀ। ਪੁਲੀਸ ਨੇ ਦੱਸਿਆ ਕਿ ਅਦਾਲਤ ਦੇ ਹੁਕਮ 9 ਸਤੰਬਰ ਨੂੰ ਆਏ ਹਨ ਤੇ ਕਨਾਟ ਪਲੇਸ ਪੁਲੀਸ ਥਾਣੇ ਵਿਚ ਕੇਸ ਦਰਜ ਕਰ ਲਿਆ ਗਿਆ ਹੈ। ਜਾਂਚ ਕੀਤੀ ਜਾ ਰਹੀ ਹੈ ਤੇ ਹਾਲੇ ਕਿਸੇ ਤੋਂ ਵੀ ਪੁੱਛਗਿੱਛ ਨਹੀਂ ਕੀਤੀ ਗਈ। ਜ਼ਿਕਰਯੋਗ ਹੈ ਕਿ ਪ੍ਰਿੰਸ ਰਾਜ ਐਲਜੇਪੀ ਆਗੂ ਚਿਰਾਗ ਪਾਸਵਾਨ ਦਾ ਰਿਸ਼ਤੇ ਵਿਚ ਭਰਾ ਲੱਗਦਾ ਹੈ। ਚਿਰਾਗ ਦਾ ਨਾਂ ਵੀ ਐਫਆਈਆਰ ਵਿਚ ਹੈ ਤੇ ਪੀੜਤਾ ਨੇ ਦੋਸ਼ ਲਾਇਆ ਹੈ ਕਿ ਚਿਰਾਗ ਨੇ ਉਸ ਉਤੇ ਸ਼ਿਕਾਇਤ ਨਾ ਦੇਣ ਲਈ ਦਬਾਅ ਪਾਇਆ ਸੀ। ਜਦਕਿ ਚਿਰਾਗ ਇਸ ਤੋਂ ਪਹਿਲਾਂ ਕਹਿ ਚੁੱਕੇ ਹਨ ਕਿ ਮਾਮਲਾ ਸਾਹਮਣੇ ਆਉਣ ’ਤੇ ਉਨ੍ਹਾਂ ਆਪਣੇ ਭਰਾ ਤੇ ਸ਼ਿਕਾਇਤਕਰਤਾ ਔਰਤ ਨਾਲ ਗੱਲ ਕੀਤੀ ਸੀ। ਉਨ੍ਹਾਂ ਦੋਵਾਂ ਨੂੰ ਮਾਮਲਾ ਪੁਲੀਸ ਅੱਗੇ ਰੱਖਣ ਲਈ ਕਿਹਾ ਸੀ। -ਪੀਟੀਆਈ
ਰਾਜ ਉਤੇ ਲਾਏ ਗਏ ਦੋਸ਼ ‘ਸਿਆਸੀ ਸਾਜ਼ਿਸ਼’ ਦਾ ਹਿੱਸਾ ਕਰਾਰ
ਪਾਰਟੀ (ਐਲਜੇਪੀ) ਦੇ ਬੁਲਾਰੇ ਸ਼੍ਰਵਣ ਕੁਮਾਰ ਨੇ ਪ੍ਰਿੰਸ ਰਾਜ ਦਾ ਬਚਾਅ ਕਰਦਿਆਂ ਦਾਅਵਾ ਕੀਤਾ ਕਿ ਉਸ ਉਤੇ ਲਾਏ ਗਏ ਦੋਸ਼ ‘ਸਿਆਸੀ ਸਾਜ਼ਿਸ਼’ ਦਾ ਹਿੱਸਾ ਹਨ ਤੇ ਸਾਖ਼ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬੁਲਾਰੇ ਨੇ ਕਿਹਾ ਕਿ ਸੰਸਦ ਮੈਂਬਰ ਨੇ 10 ਫਰਵਰੀ ਨੂੰ ਦਿੱਲੀ ਪੁਲੀਸ ਕੋਲ ਇਸੇ ਮਹਿਲਾ ਖ਼ਿਲਾਫ਼ ‘ਫਿਰੌਤੀ ਤੇ ਬਲੈਕਮੇਲ’ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਸੀ। ਕੁਮਾਰ ਨੇ ਕਿਹਾ ਕਿ ਪੁਲੀਸ ਨੂੰ ਸੰਸਦ ਮੈਂਬਰ ਵੱਲੋਂ ਦਿੱਤੀ ਸ਼ਿਕਾਇਤ ਦੀ ਜਾਂਚ ਵੀ ਤੇਜ਼ੀ ਨਾਲ ਕਰਨੀ ਚਾਹੀਦੀ ਹੈ ਤੇ ਉਨ੍ਹਾਂ ਨੂੰ ‘ਨਿਆਂਪਾਲਿਕਾ ਉਤੇ ਪੂਰਾ ਭਰੋਸਾ ਹੈ।’ ਪਾਰਟੀ ਦੇ ਬੁਲਾਰੇ ਨੇ ਕਿਹਾ ਕਿ ਇਸ ਤਰ੍ਹਾਂ ‘ਕਿਸੇ ਨੂੰ ਫਸਾਉਣ’ ਦੇ ਕੇਸ ਸਾਹਮਣੇ ਆਉਂਦੇ ਹੀ ਰਹਿੰਦੇ ਹਨ।