ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਅੱਜ ਆਰਜ਼ੀ ਪ੍ਰਬੰਧ ਵਜੋਂ ਚਿਰਾਗ ਪਾਸਵਾਨ ਤੇ ਪਸ਼ੂਪਤੀ ਕੁਮਾਰ ਪਾਰਸ ਦੇ ਧੜਿਆਂ ਨੂੰ ਪਾਰਟੀ ਦੇ ਨਾਂ ਤੇ ਚੋਣ ਨਿਸ਼ਾਨ ਵੰਡ ਦਿੱਤੇ ਹਨ। ਕਮਿਸ਼ਨ ਨੇ ਕੁਝ ਦਿਨ ਪਹਿਲਾਂ ਹੀ ਇਨ੍ਹਾਂ ’ਤੇ ‘ਲੋਕ ਜਨ ਸ਼ਕਤੀ ਪਾਰਟੀ’ (ਲੋਜਪਾ) ਜਾਂ ਪਾਰਟੀ ਦੇ ਚੋਣ ਨਿਸ਼ਾਨ ‘ਬੰਗਲੇ’ ਦੀ ਵਰਤੋਂ ’ਤੇ ਰੋਕ ਲਗਾ ਦਿੱਤੀ ਸੀ। ਪਾਸਵਾਨ ਤੇ ਪਾਰਸ ਨੂੰ ਲਿਖੇ ਵੱਖ ਵੱਖ ਪੱਤਰਾਂ ’ਚ ਚੋਣ ਕਮਿਸ਼ਨ ਨੇ ਕਿਹਾ ਕਿ ਉਸ ਨੇ ਚਿਰਾਗ ਪਾਸਵਾਨ ਧੜੇ ਨੂੰ ‘ਲੋਕ ਜਨਸ਼ਕਤੀ ਪਾਰਟੀ (ਰਾਮਵਿਲਾਸ)’ ਨਾਂ ਤੇ ਚੋਣ ਨਿਸ਼ਾਨ ‘ਹੈਲੀਕਾਪਟਰ’ ਦਿੱਤਾ ਗਿਆ ਹੈ। ਕਮਿਸ਼ਨ ਨੇ ਪਾਰਸ ਨੂੰ ਕਿਹਾ, ‘ਤੁਹਾਡੀ ਅਪੀਲ ’ਤੇ ਵਿਚਾਰ ਕਰਨ ਤੋਂ ਬਾਅਦ ਕਮਿਸ਼ਨ ਨੇ ਤੁਹਾਡੇ ਗਰੁੱਪ ਲਈ ‘ਰਾਸ਼ਟਰੀ ਲੋਕ ਜਨਸ਼ਕਤੀ ਪਾਰਟੀ’ ਨਾਂ ਅਤੇ ਚੋਣ ਨਿਸ਼ਾਨ ‘ਸਿਲਾਈ ਮਸ਼ੀਨ’ ਦਿੱਤਾ ਹੈ।’ ਕਮਿਸ਼ਨ ਨੇ ਕਿਹਾ ਕਿ ਜ਼ਿਮਨੀ ਚੋਣ ’ਚ ਜੇਕਰ ਉਨ੍ਹਾਂ ਦਾ ਗਰੁੱਪ ਕਿਸੇ ਨੂੰ ਉਮੀਦਵਾਰ ਬਣਾਉਂਦਾ ਹੈ ਤਾਂ ਉਸ ਨੂੰ ਇਹ ਚੋਣ ਨਿਸ਼ਾਨ ਦਿੱਤਾ ਜਾਵੇਗਾ। -ਪੀਟੀਆਈ