ਨਵੀਂ ਦਿੱਲੀ, 6 ਫਰਵਰੀ
‘ਸੁਰਾਂ ਦੀ ਮਲਿਕਾ’ ਲਤਾ ਮੰਗੇਸ਼ਕਰ ਨੇ ਕਰੀਬ ਹਰ ਭਾਵਨਾ ਨੂੰ ਆਪਣੀ ਗੀਤਾਂ ਰਾਹੀਂ ਜ਼ਾਹਿਰ ਕੀਤਾ। ਭਾਵੇਂ ਉਹ ਉਦਾਸ ਭਾਵ ਹੋਵੇ ਜਾਂ ਫਿਰ ਖ਼ੁਸ਼ੀ ਵਾਲਾ, ਜਾਂ ਦੇਸ਼ਭਗਤੀ ਨਾਲ ਭਿੱਜਿਆ ਤੇ ਜਾਂ ਫਿਰ ਇਸ਼ਕ ਦੇ ਰੰਗ ਵਿਚ ਰੰਗਿਆ। 1942 ਵਿਚ ਆਈ ਮਰਾਠੀ ਫ਼ਿਲਮ ‘ਕਿਤੀ ਹਸਾਲ’ ਨਾਲ 13 ਸਾਲ ਦੀ ਨਿੱਕੀ ਉਮਰੇ ਆਪਣੇ ਗਾਇਕੀ ਦੇ ਸਫ਼ਰ ਦੀ ਸ਼ੁਰੂਆਤ ਕਰਨ ਵਾਲੀ ਲਤਾ ਸੰਗੀਤਕ ਸੁਰਾਂ ਦੇ ਉਸ ਪੱਧਰ ਉਤੇ ਜਾ ਪਹੁੰਚੀ ਜਿੱਥੇ ਪਹਿਲਾਂ ਕੋਈ ਨਹੀਂ ਪਹੁੰਚਿਆ ਸੀ। ਮੰਗੇਸ਼ਕਰ ਨੇ ਨਾ ਸਿਰਫ਼ ਹਿੰਦੀ ਬਲਕਿ ਕਰੀਬ ਹਰ ਵੱਡੀ ਭਾਰਤੀ ਭਾਸ਼ਾ ਵਿਚ ਗੀਤ ਗਾਏ। ਉਨ੍ਹਾਂ ਫ਼ਿਲਮ ਜਗਤ ਦੀਆਂ ਕਈ ਮੋਹਰੀ ਅਭਿਨੇਤਰੀਆਂ ਜਿਵੇਂ ਮਧੂਬਾਲਾ, ਵਹੀਦਾ ਰਹਿਮਾਨ, ਮੀਨਾ ਕੁਮਾਰੀ, ਜਯਾ ਬਚਨ, ਕਾਜੋਲ ਤੇ ਪ੍ਰੀਤੀ ਜ਼ਿੰਟਾ ਲਈ ਪਿੱਠਵਰਤੀ ਆਵਾਜ਼ ਦਿੱਤੀ। ਦਹਾਕਿਆਂ ਤੱਕ ਲੋਕ ਮਨਾਂ ਉਤੇ ਰਾਜ ਕਰਨ ਵਾਲੇ ਉਨ੍ਹਾਂ ਦੇ ਗੀਤਾਂ ਵਿਚੋਂ ਇਕ ‘ਮਹਿਲ’ (1949) ਫ਼ਿਲਮ ਦਾ ਗੀਤ ‘ਆਏਗਾ ਆਨੇਵਾਲਾ’ ਵੀ ਸੀ। ਕਵੀ ਪ੍ਰਦੀਪ ਵੱਲੋਂ ਲਿਖਿਆ ਤੇ ਲਤਾ ਵੱਲੋਂ ਗਾਇਆ ਗੀਤ ‘ਐ ਮੇਰੇ ਵਤਨ ਕੇ ਲੋਗੋ’ ਜੋ ਕਿ 1962 ਦੀ ਭਾਰਤ-ਚੀਨ ਜੰਗ ਵਿਚ ਸ਼ਹੀਦ ਹੋਏ ਸੈਨਿਕਾਂ ਨੂੰ ਸਮਰਪਿਤ ਸੀ, ਅਮਿੱਟ ਛਾਪ ਛੱਡ ਗਿਆ। ਹਾਲਾਂਕਿ ਇਹ ਗੀਤ ਕਿਸੇ ਫ਼ਿਲਮ ਨਾਲ ਸਬੰਧਤ ਨਹੀਂ ਸੀ। ਸੀ. ਰਾਮਚੰਦਰ ਵੱਲੋਂ ਸੰਗੀਤਬੱਧ ਕੀਤੇ ਇਸ ਗੀਤ ਨੂੰ ਲਤਾ ਨੇ 27 ਜਨਵਰੀ, 1963 ਨੂੰ ਕੌਮੀ ਸਟੇਡੀਅਮ ਵਿਚ ਰਾਸ਼ਟਰਪਤੀ ਡਾ. ਐੱਸ. ਰਾਧਾਕ੍ਰਿਸ਼ਨਨ ਤੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਹਾਜ਼ਰੀ ਵਿਚ ਗਾਇਆ ਸੀ। ਕਿਹਾ ਜਾਂਦਾ ਹੈ ਕਿ ਗੀਤ ਸੁਣ ਕੇ ਨਹਿਰੂ ਦੀਆਂ ਅੱਖਾਂ ਭਰ ਆਈਆਂ ਸਨ। ‘ਮੁਗ਼ਲ-ਏ-ਆਜ਼ਮ’ ਦਾ ਗੀਤ ‘ਪਿਆਰ ਕੀਆ ਤੋ ਡਰਨਾ ਕਿਆ’ ਅੱਜ ਵੀ ਲੋਕਾਂ ਦੇ ਦਿਲਾਂ ਉਤੇ ਰਾਜ ਕਰਦਾ ਹੈ। ਮੰਗੇਸ਼ਕਰ ਦੇ ਨਾ-ਭੁੱਲਣਯੋਗ ਗੀਤਾਂ ਵਿਚ ‘ਹਵਾ ਮੇਂ ਉਡਤਾ ਜਾਏ ਮੋਰਾ ਲਾਲ ਦੁਪੱਟਾ ਮਲਮਲ ਕਾ’, ‘ਆਜ ਫਿਰ ਜੀਨੇ ਕੀ ਤਮੰਨਾ ਹੈ, ‘ਲਗ ਜਾ ਗਲੇ’, ‘ਮੋਹੇ ਪਨਘਟ ਪੇ’, ‘ਚਲਤੇ ਚਲਤੇ’, ‘ਸਤਿਅਮ ਸ਼ਿਵਮ ਸੁੰਦਰਮ’, ‘ਅਜੀਬ ਦਾਸਤਾਂ ਹੈ’, ‘ਹੋਠੋਂ ਮੇਂ ਐਸੀ ਬਾਤ’, ‘ਨੀਲਾ ਆਸਮਾਨ ਸੋ ਗਿਆ’, ‘ਪਾਨੀ ਰੇ ਪਾਨੀ ’, ‘ਸਲਾਮ-ਏ-ਇਸ਼ਕ ਮੇਰੀ ਜਾਨ’, ‘ਕਭੀ ਖ਼ੁਸ਼ੀ ਕਭੀ ਗ਼ਮ’, ‘ਤੇਰੇ ਲੀਏ’, ‘ਲੁਕਾ ਛੁਪੀ’ ਆਦਿ ਸ਼ਾਮਲ ਹਨ। 1965 ਵਿਚ ਆਈ ਫ਼ਿਲਮ ‘ਗਾਈਡ’ (1965) ਵਿਚਲਾ ਗੀਤ ‘ਆਜ ਫਿਰ ਜੀਨੇ ਕੀ ਤਮੰਨਾ’ ਖੁੱਲ੍ਹ ਕੇ ਜੀਣ ਦੀ ਭਾਵਨਾ ਨੂੰ ਪ੍ਰਗਟ ਕਰਦਾ ਸੀ ਤੇ ਇਸ ਉਤੇ ਵਹੀਦਾ ਰਹਿਮਾਨ ਦੀ ਪੇਸ਼ਕਾਰੀ ਨੂੰ ਅੱਜ ਵੀ ਲੋਕ ਯਾਦ ਕਰਦੇ ਹਨ। ਇਸ ਤੋਂ ਇਲਾਵਾ ‘ਪਾਕੀਜ਼ਾ’ (1972) ਫ਼ਿਲਮ ਦਾ ਗੀਤ ‘ਚਲਤੇ ਚਲਤੇ ਯੂੰ ਹੀ ਕੋਈ’ ਲਤਾ ਵੱਲੋਂ ਗਾਏ ਸਭ ਤੋਂ ਖ਼ੂਬਸੂਰਤ ਗੀਤਾਂ ਵਿਚੋਂ ਇਕ ਸੀ। ਕੈਫ਼ੀ ਆਜ਼ਮੀ, ਮਜਰੂਹ ਸੁਲਤਾਨਪੁਰੀ ਤੇ ਕੈਫ਼ ਭੁਪਾਲੀ ਵੱਲੋਂ ਲਿਖਿਆ ਇਹ ਗੀਤ ਖ਼ੁਸ਼ੀ, ਡੂੰਘੀ ਮੁਹੱਬਤ ਤੇ ਗਹਿਰੇ ਸਮਰਪਣ ਨੂੰ ਪ੍ਰਗਟ ਕਰਦਾ ਸੀ।
ਇਸੇ ਤਰ੍ਹਾਂ ‘ਅਨਾਮਿਕਾ’ (1973) ਫ਼ਿਲਮ ਦਾ ਗੀਤ ‘ਬਾਹੋਂ ਮੇਂ ਚਲੇ ਆਓ’ ਜਿਸ ਨੂੰ ਆਰ.ਡੀ ਬਰਮਨ ਨੇ ਸੰਗੀਤਬੱਧ ਕੀਤਾ ਸੀ, ਰੁਮਾਂਸ ਨਾਲ ਭਰਿਆ ਹੋਇਆ ਗੀਤ ਸੀ। ਇਸ ਵਿਚ ਲਤਾ ਨੇ ਵੱਖ-ਵੱਖ ਤਰ੍ਹਾਂ ਦੇ ਗੀਤਾਂ ਉਤੇ ਆਪਣੀ ਡੂੰਘੀ ਪਕੜ ਦਾ ਸਬੂਤ ਦਿੱਤਾ। ‘ਸਿਲਸਿਲਾ’ ਫ਼ਿਲਮ ਦਾ ਗੀਤ ‘ਦੇਖਾ ਏਕ ਖ਼ੁਆਬ’ ਇਕ ਸਦਾਬਹਾਰ ਗੀਤ ਹੈ ਜਿਸ ਨੂੰ ਅਮਿਤਾਭ ਬਚਨ ਤੇ ਰੇਖਾ ਉਤੇ ਫ਼ਿਲਮਾਇਆ ਗਿਆ ਸੀ। ਯਸ਼ ਚੋਪੜਾ ਦੀ ਫ਼ਿਲਮ ਦਾ ਇਹ ਗੀਤ ਅੱਜ ਵੀ ਉੱਨਾ ਹੀ ਹਰਮਨਿਪਆਰਾ ਹੈ। ਇਸ ਨੂੰ ਜਾਵੇਦ ਅਖ਼ਤਰ ਨੇ ਲਿਖਿਆ ਸੀ ਤੇ ਸੰਗੀਤ ਸ਼ਿਵ-ਹਰੀ ਦਾ ਸੀ। -ਪੀਟੀਆਈ
ਰਿਲੀਜ਼ ਤੋਂ ਤੁਰੰਤ ਬਾਅਦ ਸੁਪਰਹਿੱਟ ਹੋ ਗਿਆ ਸੀ ‘ਤੁਝੇ ਦੇਖਾ ਤੋ…’
‘ਦਿਲਵਾਲੇ ਦੁਲਹਨੀਆ ਲੇ ਜਾਏਂਗੇ’ ਦਾ ਗੀਤ ‘ਤੁਝੇ ਦੇਖਾ ਤੋ’ ਲਤਾ ਮੰਗੇਸ਼ਕਰ ਨੇ ਕੁਮਾਰ ਸਾਨੂ ਦੇ ਨਾਲ ਗਾਇਆ ਸੀ। ਫ਼ਿਲਮ ਦੇ ਰਿਲੀਜ਼ ਹੋਣ ਤੋਂ ਇਕਦਮ ਬਾਅਦ ਇਹ ਸੁਪਰਹਿੱਟ ਹੋ ਗਿਆ ਸੀ ਤੇ ਅੱਜ ਵੀ ਲੋਕਾਂ ਦੇ ਦਿਲਾਂ ਵਿਚ ਥਾਂ ਬਣਾਈ ਬੈਠਾ ਹੈ। ਇਹ ਗੀਤ ਸ਼ਾਹਰੁਖ਼ ਖ਼ਾਨ ਤੇ ਕਾਜੋਲ ਉਤੇ ਫ਼ਿਲਮਾਇਆ ਗਿਆ ਸੀ।
ਜਦ ਗ਼ੁਲਾਮ ਅਲੀ ਸਾਹਿਬ ਨੇ ਕਿਹਾ, ‘ਕੰਬਖ਼ਤ ਕਭੀ ਬੇਸੁਰੀ ਹੀ ਨਹੀਂ ਹੋਤੀ’
ਲਤਾ ਮੰਗੇਸ਼ਕਰ ਦੀ ਆਵਾਜ਼ ਵਿਚ ਅਜਿਹੀ ਖਿੱਚ ਸੀ ਕਿ ਵੱਡੇ ਗ਼ੁਲਾਮ ਅਲੀ ਸਾਹਿਬ ਵੀ ਉਨ੍ਹਾਂ ਨੂੰ ਮੰਨਦੇ ਸਨ ਤੇ ਕਹਿੰਦੇ ਸਨ, ‘ਕੰਬਖ਼ਤ ਕਭੀ ਬੇਸੁਰੀ ਹੀ ਨਹੀਂ ਹੋਤੀ।’ ਕਈ ਵੱਡੇ ਸੰਗੀਤਕਾਰਾਂ ਤੇ ਅਦਾਕਾਰਾਂ ਨੇ ਕਿਹਾ ਕਿ ਲਤਾ ਦੀ ਆਵਾਜ਼ ‘ਦੇਵੀ ਸਰਸਵਤੀ ਦੀ ਆਵਾਜ਼ ਸੀ’ ਤੇ ਕਿਸਮਤ ਦੇਖੋ ਸਰਸਵਤੀ ਪੂਜਾ ਤੋਂ ਇਕ ਦਿਨ ਬਾਅਦ ਹੀ ਉਨ੍ਹਾਂ ਦਾ ਦੇਹਾਂਤ ਹੋਇਆ ਹੈ।