ਪਟਨਾ, 15 ਸਤੰਬਰ
ਚੋਣ ਰਣਨੀਤੀਕਾਰ ਤੋਂ ਕਾਰਕੁਨ ਬਣੇ ਪ੍ਰਸ਼ਾਂਤ ਕਿਸ਼ੋਰ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਦੱਸਿਆ ਸੀ ਕਿ ਸੂਬੇ ਦੀ ਸ਼ਰਾਬ ’ਤੇ ਪਾਬੰਦੀ ਦੀ ਮੁਹਿੰਮ ਮੁਕੰਮਲ ਨਾਕਾਮੀ ਹੈ ਅਤੇ ਇਸ ’ਤੇ ਪੁਨਰ ਵਿਚਾਰ ਕਰਨ ਦੀ ਲੋੜ ਹੈ। ਚੰਪਾਰਨ ’ਚ ਆਪਣੀ ਪਦ-ਯਾਤਰਾ ਦੀਆਂ ਤਿਆਰੀਆਂ ਲਈ ਆਏ ਕਿਸ਼ੋਰ ਨੇ ਕਿਹਾ ਕਿ ਉਨ੍ਹਾਂ ਸ਼ਿਸ਼ਟਾਚਾਰ ਵਜੋਂ ਨਿਤੀਸ਼ ਕੁਮਾਰ ਨਾਲ ਮੁਲਾਕਾਤ ਕੀਤੀ ਸੀ। ‘ਮੈਨੂੰ ਇਹ ਰਿਪੋਰਟਾਂ ਪੜ੍ਹ ਕੇ ਬੜਾ ਹਾਸਾ ਆਇਆ ਕਿ ਮੈਂ ਮੁੱਖ ਮੰਤਰੀ ਨਾਲ ਰਾਤ ਦੇ ਹਨੇਰੇ ’ਚ ਖ਼ੁਫ਼ੀਆ ਮੀਟਿੰਗ ਕੀਤੀ। ਸਾਡੀ ਮੀਟਿੰਗ ਤਾਂ ਮੰਗਲਵਾਰ ਸ਼ਾਮ ਕਰੀਬ ਸਾਢੇ 4 ਵਜੇ ਹੋਈ ਸੀ।’ ਜਨਤਾ ਦਲ (ਯੂ) ਦੇ ਸਾਬਕਾ ਮੀਤ ਪ੍ਰਧਾਨ ਨੇ ਬੇਗੂਸਰਾਏ ’ਚ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀਆਂ ਚਲਾਉਣ ਦੀ ਘਟਨਾ ਬਾਰੇ ਕਿਹਾ ਕਿ ਜਦੋਂ ਭਾਜਪਾ ਵੀ ਬਿਹਾਰ ਦੀ ਸੱਤਾ ’ਚ ਸ਼ਾਮਲ ਸੀ ਤਾਂ ਵੀ ਅਮਨ-ਕਾਨੂੰਨ ਦੀ ਹਾਲਤ ਵਿਗੜੀ ਹੋਈ ਸੀ ਪਰ ਹੁਣ ਉਨ੍ਹਾਂ ਨੂੰ ਇਹ ਮੁੱਦਾ ਉਠਾਉਣ ਦਾ ਮੌਕਾ ਮਿਲ ਗਿਆ ਹੈ। -ਪੀਟੀਆਈ