ਅਯੁੱਧਿਆ, 13 ਨਵੰਬਰ
ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਅੱਜ ਭਗਵਾਨ ਰਾਮ ਦੀ ਅਯੁੱਧਿਆ ਵਾਪਸੀ ਨੂੰ ਮਨਾਉਣ ਲਈ ਪਵਿੱਤਰ ਨਗਰੀ ਵਿਚ ‘ਤ੍ਰੇਤਾ ਯੁੱਗ’ ਦੀ ਮਿਥਿਹਾਸਕ ਘਟਨਾ ਨੂੰ ਦੁਹਰਾਉਣ ਲਈ ਵੱਡੇ ਪੱਧਰ ਉਤੇ ਬੰਦੋਬਸਤ ਕੀਤੇ ਗਏ। ਜ਼ਿਕਰਯੋਗ ਹੈ ਕਿ ਭਗਵਾਨ ਰਾਮ ਦੀ ਅਯੁੱਧਿਆ ਵਾਪਸੀ ਵਾਲੇ ਦਿਨ ’ਤੇ ਹੀ ਦੀਵਾਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਸਰਯੂ ਨਦੀ ਕੰਢੇ ਭਗਵਾਨ ਰਾਮ ਤੇ ਦੇਵੀ ਸੀਤਾ ਦੀ ‘ਪੁਸ਼ਪਕ ਵਿਮਾਨ’ ਰਾਹੀਂ ਘਰ ਵਾਪਸੀ ਦੇ ਦ੍ਰਿਸ਼ ਨੂੰ ਦੁਹਰਾਇਆ ਗਿਆ। ਇਸ ਮੌਕੇ ਲੇਜ਼ਰ ਤੇ ਸਾਊਂਡ ਸ਼ੋਅ, ਕਈ ਹੋਰ ਸਭਿਆਚਾਰਕ ਪ੍ਰੋਗਰਾਮ ਵੀ ਕੀਤੇ ਗਏ। ਇਸ ਤੋਂ ਇਲਾਵਾ ਨਦੀ ਕੰਢੇ 5.51 ਲੱਖ ਮਿੱਟੀ ਦੇ ਦੀਵੇ ਬਾਲੇ ਗਏ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੇ ਰਾਜਪਾਲ ਅਨੰਦੀਬੇਨ ਪਟੇਲ ਨੇ ਵੀ ‘ਦੀਪਉਤਸਵ’ ਸਮਾਗਮਾਂ ਵਿਚ ਸ਼ਿਰਕਤ ਕੀਤੀ। ਇਸ ਮੌਕੇ ਕਈ ਹੋਰ ਵਿਕਾਸ ਪ੍ਰਾਜੈਕਟ ਵੀ ਲਾਂਚ ਕੀਤੇ ਗਏ। ਯੋਗੀ ਨੇ ਕਿਹਾ ਕਿ 500 ਸਾਲਾਂ ਦੇ ਸੰਘਰਸ਼ ਵਿਚ ਕਈ ਸੰਤ ਮੰਦਰ ਦੀ ਉਸਾਰੀ ਨੂੰ ਉਡੀਕਦੇ ਦੁਨੀਆ ਤੋਂ ਚਲੇ ਗਏ। ਹੁਣ ਸੰਘਰਸ਼ ਰੰਗ ਲਿਆਇਆ ਹੈ ਤੇ ਮੰਦਰ ਦੀ ਨੀਂਹ ਰੱਖੀ ਗਈ ਹੈ। ਯੋਗੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਯੁੱਧਿਆ ਨੂੰ ਵੈਦਿਕ ਰਮਾਇਣ ਸ਼ਹਿਰ ਬਣਾਉਣ ਦਾ ਸੁਪਨਾ ਦੇਖਿਆ ਹੈ ਤੇ ਇਸ ਨੂੰ ਪੂਰੀ ਕੋਸ਼ਿਸ਼ ਨਾਲ ਖ਼ੂਬਸੂਰਤ ਬਣਾਇਆ ਜਾਵੇਗਾ।
-ਪੀਟੀਆਈ